ਕਿਰਪਾਨ ਮਸਲੇ ਸਬੰਧੀ ਲੈਸਟਰ ਵਿਖੇ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ

ਕੈਪਸ਼ਨ:-  ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਈਸਟ ਪਾਰਕ ਰੋਡ ਵਿਖੇ ਕਿਰਪਾਨ ਮਸਲੇ ਸਬੰਧੀ ਹੋਈ ਸਾਂਝੀ ਮੀਟਿੰਗ ਦੌਰਾਨ ਹਾਜ਼ਰ ਸੰਗਤਾਂ, ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਥਾਨਕ ਐਮ.ਪੀਜ਼। ਤਸਵੀਰ:- ਸੁਖਜਿੰਦਰ ਸਿੰਘ ਢੱਡੇ

 ਲੈਸਟਰ (ਇੰਗਲੈਂਡ), 6 ਜੂਨ (ਸੁਖਜਿੰਦਰ ਸਿੰਘ ਢੱਡੇ)- ਕਿਰਪਾਨ ਨਾਲ ਸਬੰਧਤ ਮੌਜੂਦਾ ਮਸਲੇ ਅਤੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਖ਼ਬਰਾਂ ਦੇ ਮੱਦੇਨਜ਼ਰ ਲੈਸਟਰ ਦੇ ਈਸਟ ਪਾਰਕ ਰੋਡ ਸਥਿਤ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਵਿਖੇ ਨੌਜਵਾਨਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਸ਼ੇਸ਼ ਸਾਂਝੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਲੈਸਟਰ ਅਤੇ ਆਸ ਪਾਸ ਦੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਸਿੱਖੀ ਦੇ ਅਨਿੱਖੜਵੇਂ ਅੰਗ ਕਿਰਪਾਨ ਦੀ ਮਹੱਤਤਾ, ਸਤਿਕਾਰ ਅਤੇ ਇਸ ਦੀ ਸੁਰੱਖਿਆ ਨੂੰ ਲੈ ਕੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਕਿਰਪਾਨ ਸਿੱਖ ਧਰਮ ਦਾ ਅਹਿਮ ਹਿੱਸਾ ਹੈ ਅਤੇ ਇਸ ਸਬੰਧੀ ਸੰਗਤ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।
ਇਸ ਮੌਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਗੁਰਦੁਆਰਾ ਸਾਹਿਬ, ਗੁਰੂ ਦਸ਼ਮੇਸ਼ ਗੁਰਦੁਆਰਾ ਸਾਹਿਬ (ਜਿਪਸੀ ਲੇਨ) ਦੇ ਪ੍ਰਬੰਧਕਾਂ ਸਮੇਤ ਸਿੱਖ ਫੈਡਰੇਸ਼ਨ ਯੂ.ਕੇ., ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਉਨ੍ਹਾਂ ਕਿਰਪਾਨ ਮਸਲੇ ਸਬੰਧੀ ਹਰ ਤਰ੍ਹਾਂ ਦਾ ਪ੍ਰਬੰਧਕੀ ਅਤੇ ਕਾਨੂੰਨੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਲੈਸਟਰ ਦੇ ਸਥਾਨਕ ਸੰਸਦ ਮੈਂਬਰਾਂ (ਐਮ.ਪੀਜ਼.) ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਦੇ ਸਾਹਮਣੇ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ ਅਤੇ ਕਿਰਪਾਨ ਨਾਲ ਜੁੜੇ ਧਾਰਮਿਕ ਹੱਕਾਂ ਦੀ ਰੱਖਿਆ ਦੀ ਮੰਗ ਕੀਤੀ।
ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸੰਗਤ, ਸਿੱਖ ਜਥੇਬੰਦੀਆਂ ਅਤੇ ਸਿਆਸੀ ਨੁਮਾਇੰਦਿਆਂ ਦਾ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ ਆਸ ਪ੍ਰਗਟਾਈ ਕਿ ਲੈਸਟਰ ਦੀ ਸੰਗਤ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਇੱਕਜੁੱਟ ਹੋ ਕੇ ਕੌਮੀ ਅਤੇ ਧਾਰਮਿਕ ਮਸਲਿਆਂ ਲਈ ਅਵਾਜ਼ ਬੁਲੰਦ ਕਰਦੀ ਰਹੇਗੀ।