ਅਟਾਰੀ ਸਰਹੱਦ 'ਤੇ ਏ. ਆਰ. ਰਹਿਮਾਨ ਸੰਗੀਤ ਦੀਆਂ ਸੁਰਾਂ ਨੇ ਮੋਹਿਆ ਹਜ਼ਾਰਾਂ ਦਾ ਇਕੱਠ

 ਅੰਮ੍ਰਿਤਸਰ : ਅਟਾਰੀ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਤੋਂ ਪਹਿਲਾਂ ਇੱਕ ਵਿਸ਼ੇਸ਼ ਸੱਭਿਆਚਾਰਕ ਸਮਾਗਮ ਦੌਰਾਨ ਪ੍ਰਸਿੱਧ ਸੰਗੀਤਕਾਰ ਏ. ਆਰ. ਰਹਿਮਾਨ ਨੇ ਆਪਣੀ ਟੀਮ ਨਾਲ ਮਿਲ ਕੇ ਸੰਗੀਤਕ ਪੇਸ਼ਕਾਰੀ ਦਿੱਤੀ। ਸਰਹੱਦ 'ਤੇ ਮੌਜੂਦ ਵੱਡੀ ਗਿਣਤੀ ਦਰਸ਼ਕਾਂ ਨੇ ਇਸ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ।

ਇਹ ਪ੍ਰੋਗਰਾਮ ਆਉਣ ਵਾਲੀ ਫ਼ਿਲਮ "ਮੈਂ ਵਾਪਿਸ ਆਊਂਗਾ" ਦੇ ਪ੍ਰਚਾਰ ਦੇ ਸਿਲਸਿਲੇ ਵਿੱਚ ਕਰਵਾਇਆ ਗਿਆ, ਜਿਸ ਦੀ ਟੀਮ ਵੀ ਇਸ ਮੌਕੇ ਮੌਜੂਦ ਰਹੀ। ਸਮਾਗਮ ਦੌਰਾਨ ਸੰਗੀਤ ਅਤੇ ਦੇਸ਼ਭਗਤੀ ਦੇ ਰੰਗਾਂ ਨੇ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਦਿੱਤਾ।

ਸੰਗੀਤਕਾਰ ਨੇ ਆਪਣੀ ਪੇਸ਼ਕਾਰੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਬਹਾਦਰ ਜਵਾਨਾਂ ਨੂੰ ਸਮਰਪਿਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਰਹੱਦੀ ਖੇਤਰ ਦਾ ਦੌਰਾ ਵੀ ਕੀਤਾ ਅਤੇ ਅੰਤਰਰਾਸ਼ਟਰੀ ਸੀਮਾ ਨੇੜੇ ਪਹੁੰਚ ਕੇ ਉੱਥੋਂ ਦੇ ਮਾਹੌਲ ਨੂੰ ਨੇੜਿਓਂ ਮਹਿਸੂਸ ਕੀਤਾ।

ਸਮਾਗਮ ਵਿੱਚ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ, ਅਨੰਨਿਆ ਬਿਰਲਾ, ਵੇਦਾਂਗ ਰੈਨਾ, ਮੋਹਿਤ ਚੌਧਰੀ ਅਤੇ ਫ਼ਿਲਮ ਨਾਲ ਜੁੜੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਦਰਸ਼ਕਾਂ ਨੇ ਇਸ ਵਿਲੱਖਣ ਪੇਸ਼ਕਾਰੀ ਨੂੰ ਖੂਬ ਸਰਾਹਿਆ ਅਤੇ ਸਮਾਗਮ ਯਾਦਗਾਰ ਬਣ ਗਿਆ।