ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ (ਰੋਮ) ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਤਿੰਨ ਰੋਜ਼ਾ ਧਾਰਮਿਕ ਸਮਾਗਮ

 ਰੋਮ ਇਟਲੀ 8 ਜੂਨ(ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਸਥਿਤ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਜੂਨ 1984 ਘੱਲੂਘਾਰਾ ਦਿਵਸ ਨੂੰ ਸਮਰਪਿਤ ਲੀਦੋ ਦੀ ਪੀਨੀ ਦੀ ਸਮੂਹ ਸਾਧ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਬੜੀ ਸ਼ਰਧਾ, ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਇਲਾਹੀ ਬਾਣੀ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਨਾਲ ਭੋਗ ਪਾਏ ਗਏ ਉਪਰੰਤ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਹੁੰਚੇ ਜਾਗੋ ਵਾਲਿਆਂ ਦੇ ਕਵੀਸ਼ਰੀ ਜਥੇ ਵੱਲੋਂ ਹਾਜ਼ਰੀ ਭਰ ਕੇ ਕਵੀਸ਼ਰੀ ਵਾਰਾਂ ਨਾਲ ਜੂਨ ਚੌਰਾਸੀ ਘੱਲੂਘਾਰੇ ਦੇ ਦਿਹਾੜੇ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ । ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦੂਰੋਂ ਨੇੜਿਓਂ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕੀਤਾ । ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ । ਮਿਸਲ ਮੀਰੀ ਪੀਰੀ ਰੋਮ ਦੇ ਸਮੂਹ ਸੇਵਾਦਾਰਾਂ ਵਲੋ ਸ਼ਰਦਾਈ ਦੇ ਲੰਗਰ ਵੀ ਅਤੁੱਟ ਵਰਤਾਏ ਗਏ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗ੍ਰੰਥੀ ਸਿੰਘ ਗਿਆਨੀ ਦਲਬੀਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸੰਗਤਾਂ ਲਈ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਦੱਸਣਯੋਗ ਹੈ ਕਿ ਇਸ ਸਮਾਗਮ ਦੀਆਂ ਪਿਛਲੇ ਲੰਮੇ ਸਮੇਂ ਤੋ ਲੀਦੋ ਦੀ ਪੀਨੀ ਦੀਆਂ ਸਮੂਹ ਸਾਧ ਸੰਗਤਾਂ ਵੱਲੋਂ ਨਿਰਵਿਘਨ ਨਿਭਾਈਆਂ ਜਾਂਦੀਆਂ ਹਨ।