ਨਦੀ ਵਿੱਚ ਨਹਾਉਣ ਗਈ 13 ਸਾਲਾ ਲੜਕੀ ਦੀ ਡੁੱਬਣ ਕਾਰਨ ਮੌਤ,

 ਲੈਸਟਰ (ਇੰਗਲੈਂਡ), 8 ਜੂਨ (ਸੁਖਜਿੰਦਰ ਸਿੰਘ ਢੱਡੇ)- ਉੱਤਰੀ ਯਾਰਕਸ਼ਾਇਰ ਵਿੱਚ ਨਦੀ ਵਿੱਚ ਨਹਾਉਣ ਦੌਰਾਨ ਲਾਪਤਾ ਹੋਈ 13 ਸਾਲਾ ਲੜਕੀ ਦੀ ਮੌਤ ਮਗਰੋਂ ਉਸ ਦੇ ਪਰਿਵਾਰ ਅਤੇ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕਾ ਦੀ ਪਛਾਣ ਪਲਵਾਸ਼ਾ ਅਕਬਰ ਵਜੋਂ ਹੋਈ ਹੈ, ਜਿਸ ਨੂੰ ਪਿਛਲੇ ਐਤਵਾਰ ਨੌਰਥ ਯਾਰਕਸ਼ਾਇਰ ਦੇ ਬਰਨਸਾਲ ਨੇੜੇ ਰਿਵਰ ਵਾਰਫ਼ ਤੋਂ ਬਾਹਰ ਕੱਢਿਆ ਗਿਆ ਸੀ।
ਐਮਰਜੈਂਸੀ ਸੇਵਾਵਾਂ ਵੱਲੋਂ ਲੜਕੀ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ, ਪਰ ਉਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੁਖਦਾਈ ਘਟਨਾ ਨੇ ਪਰਿਵਾਰ, ਦੋਸਤਾਂ, ਸਕੂਲ ਅਤੇ ਸਮੁੱਚੇ ਭਾਈਚਾਰੇ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।
ਪਲਵਾਸ਼ਾ ਦੀ ਯਾਦ ਵਿੱਚ ਪਰਿਵਾਰ ਵੱਲੋਂ ਇੱਕ ਫੰਡ ਰੇਜ਼ਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਰਿਵਾਰ ਦੇ ਇੱਕ ਨੁਮਾਇੰਦੇ ਨੇ ਉਸ ਨੂੰ ਇੱਕ ਹੋਣਹਾਰ, ਦਿਆਲੂ ਅਤੇ ਹਮਦਰਦ ਲੜਕੀ ਕਰਾਰ ਦਿੰਦਿਆਂ ਕਿਹਾ ਕਿ ਉਹ ਪੜ੍ਹਾਈ ਦੀ ਸ਼ੌਕੀਨ ਸੀ ਅਤੇ ਆਪਣੇ ਦੋਸਤਾਂ ਅਤੇ ਆਸ-ਪਾਸ ਦੇ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨ ਲਈ ਹਮੇਸ਼ਾ ਤਿਆਰ ਰਹਿੰਦੀ ਸੀ। ਉਸ ਦੀ ਮਿੱਠੀ ਮੁਸਕਾਨ, ਨਿਮਰ ਸੁਭਾਅ ਅਤੇ ਮਦਦਗਾਰ ਰਵੱਈਏ ਕਾਰਨ ਹਰ ਕੋਈ ਉਸ ਨੂੰ ਪਿਆਰ ਕਰਦਾ ਸੀ।
ਉਨ੍ਹਾਂ ਕਿਹਾ ਕਿ ਪਲਵਾਸ਼ਾ ਦਾ ਭਵਿੱਖ ਬਹੁਤ ਉਜਵਲ ਸੀ ਅਤੇ ਉਸ ਨੇ ਆਪਣੇ ਛੋਟੇ ਜਿਹੇ ਜੀਵਨ ਦੌਰਾਨ ਕਈ ਲੋਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ। ਇਕੱਠੀ ਕੀਤੀ ਜਾਣ ਵਾਲੀ ਰਕਮ ਉਨ੍ਹਾਂ ਸਮਾਜਿਕ ਕਾਰਜਾਂ ਲਈ ਵਰਤੀ ਜਾਵੇਗੀ, ਜਿਨ੍ਹਾਂ ਪ੍ਰਤੀ ਪਲਵਾਸ਼ਾ ਦੀ ਵਿਸ਼ੇਸ਼ ਦਿਲਚਸਪੀ ਸੀ।
ਪਲਵਾਸ਼ਾ ਬਰਾਂਟੇ ਗਰਲਜ਼ ਸੈਕੰਡਰੀ ਅਕੈਡਮੀ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਸੀ। ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਲਿੰਡਸੇ ਹਾਲ ਨੇ ਕਿਹਾ ਕਿ ਸਕੂਲ ਆਪਣੇ ਇੱਕ ਪਿਆਰੇ ਵਿਦਿਆਰਥੀ ਦੀ ਮੌਤ ਨਾਲ ਬਹੁਤ ਦੁਖੀ ਹੈ। ਉਨ੍ਹਾਂ ਕਿਹਾ ਕਿ ਪਲਵਾਸ਼ਾ ਸਕੂਲ ਦੀਆਂ ਸਭ ਤੋਂ ਵਧੀਆ ਵਿਦਿਆਰਥਣਾਂ ਵਿੱਚੋਂ ਇੱਕ ਸੀ ਅਤੇ ਉਹ ਹਮੇਸ਼ਾ ਦੂਜਿਆਂ ਦੀ ਮਦਦ ਲਈ ਅੱਗੇ ਰਹਿੰਦੀ ਸੀ। ਉਸ ਦੀ ਦਿਆਲਤਾ ਅਤੇ ਸੇਵਾ ਭਾਵਨਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਪਲਵਾਸ਼ਾ ਦੀ ਮੌਤ ਸਬੰਧੀ ਜਾਂਚ ਲਈ 18 ਜੂਨ ਨੂੰ ਨਾਰਥਐਲਰਟਨ ਕੋਰੋਨਰ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੌਰਾਨ ਦੇਸ਼ ਭਰ ਵਿੱਚ ਗਰਮੀ ਦੀ ਲਹਿਰ ਦੌਰਾਨ ਪਾਣੀ ਨਾਲ ਜੁੜੀਆਂ ਘਟਨਾਵਾਂ ਵਿੱਚ ਕਈ ਲੋਕਾਂ ਦੀਆਂ ਜਾਨਾਂ ਗਈਆਂ ਹਨ। ਜ਼ਿਆਦਾਤਰ ਮਾਮਲਿਆਂ ਵਿੱਚ ਨੌਜਵਾਨ ਅਤੇ ਕਿਸ਼ੋਰ ਉਮਰ ਦੇ ਬੱਚੇ ਪਾਣੀ ਵਿੱਚ ਮੁਸ਼ਕਲ ਵਿੱਚ ਫਸਣ ਤੋਂ ਬਾਅਦ ਲਾਪਤਾ ਹੋਏ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸੁਰੱਖਿਆ ਮਾਹਿਰਾਂ ਨੇ ਲੋਕਾਂ ਨੂੰ ਗਰਮੀ ਦੇ ਮੌਸਮ ਦੌਰਾਨ ਨਦੀਆਂ, ਝੀਲਾਂ ਅਤੇ ਸਮੁੰਦਰੀ ਕਿਨਾਰਿਆਂ 'ਤੇ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।