ਯੂਕੇ ਦੀ ਵਿਦੇਸ਼ ਮੰਤਰੀ ਯਾਵੇਟ ਕੂਪਰ ਨੇ ਜੱਗੀ ਜੌਹਲ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਇਆ

 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਬ੍ਰਿਟੇਨ ਦੀ ਵਿਦੇਸ਼ ਮੰਤਰੀ ਯਾਵੇਟ ਕੂਪਰ ਨੇ ਭਾਰਤ ਦੇ ਦੌਰੇ ਦੌਰਾਨ ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੇ ਮਾਮਲੇ ਨੂੰ ਭਾਰਤੀ ਆਗੂਆਂ ਸਾਹਮਣੇ ਉਠਾਇਆ। ਉਨ੍ਹਾਂ ਕਿਹਾ ਕਿ ਇਹ ਮਾਮਲਾ &ldquoਬਹੁਤ ਲੰਮਾ ਖਿੱਚ ਚੁੱਕਾ ਹੈ&rdquo ਅਤੇ ਇਸ ਕਾਰਨ ਜੋਹਲ ਦੇ ਪਰਿਵਾਰ ਨੂੰ ਗਹਿਰੀ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪਿਆ ਹੈ। ਯਵੈਟ ਕੂਪਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮਾਮਲਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਹੋਈਆਂ ਮੀਟਿੰਗਾਂ ਦੌਰਾਨ ਵੀ ਉਠਾਇਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਦਾ ਜਲਦੀ ਨਿਪਟਾਰਾ ਹੋਣਾ ਚਾਹੀਦਾ ਹੈ। ਸਾਨੂੰ ਇਸ ਮਾਮਲੇ ਦਾ ਜਲਦ ਤੋਂ ਜਲਦ ਹੱਲ ਚਾਹੀਦਾ ਹੈ। ਇਹ ਬਹੁਤ ਜ਼ਿਆਦਾ ਲੰਮਾ ਸਮਾਂ ਚੱਲ ਚੁੱਕਾ ਹੈ ਅਤੇ ਪਰਿਵਾਰ ਲਈ ਬਹੁਤ ਦੁਖਦਾਈ ਸਾਬਤ ਹੋਇਆ ਹੈ। ਮੈਂ ਇਸ ਮਾਮਲੇ ਨੂੰ ਉਠਾਉਣਾ ਜਾਰੀ ਰੱਖਾਂਗੀ। ਦੂਜੇ ਪਾਸੇ ਕੂਪਰ ਦੇ ਭਾਰਤ ਦੌਰੇ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜਗਤਾਰ ਸਿੰਘ ਜੋਹਲ ਨੇ ਭਾਰਤ ਦੀ ਨਿਆਂ ਪ੍ਰਣਾਲੀ ਨੂੰ &ldquoਟੁੱਟੀ ਹੋਈ&rdquo  ਕਰਾਰ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ ਸਾਲਾਂ ਤੋਂ ਚੱਲ ਰਹੀ ਕਾਨੂੰਨੀ ਕਾਰਵਾਈ ਨੇ ਨਿਆਂ ਪ੍ਰਕਿਰਿਆ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।