145 ਡਾਲਰ ਦੇ ਬਿੱਲ ਤੋਂ ਸ਼ੁਰੂ ਹੋਇਆ ਝਗੜਾ, ਕੈਨੇਡਾ ਵਿੱਚ ਰੈਸਟੋਰੈਂਟ ਮਾਲਕ ਦੀ ਮੌਤ, ਤਿੰਨ ਬ੍ਰਿਟਿਸ਼ ਨਾਗਰਿਕਾਂ ਨੇ ਦੋਸ਼ ਕਬੂਲੇ

 ਗਲਾਸਗੋ,(ਹਰਜੀਤ  ਦੁਸਾਂਝ ਪੁਆਦੜਾ) - ਕੈਨੇਡਾ ਦੇ ਓਨਟਾਰੀਓ ਸੂਬੇ ਦੇ ਓਵਨ ਸਾਊਂਡ ਸ਼ਹਿਰ ਵਿੱਚ ਕਰੀ ਹਾਊਸ ਰੈਸਟੋਰੈਂਟ ਮਾਲਕ ਸ਼ਰੀਫ ਰਹਿਮਾਨ(44) ਦੀ ਮੌਤ ਦੇ ਮਾਮਲੇ ਵਿੱਚ ਤਿੰਨ ਸਕਾਟਲੈਂਡ ਦੇ ਰਹਿਣ ਵਾਲੇ ਬ੍ਰਿਟਿਸ਼ ਨਾਗਰਿਕਾਂ ਨੇ ਅਦਾਲਤ ਵਿੱਚ ਆਪਣੀ ਭੂਮਿਕਾ ਕਬੂਲ ਕਰ ਲਈ ਹੈ। ਇਹ ਘਟਨਾ ਅਗਸਤ 2023 ਵਿੱਚ ਕਰੀਬ 145 ਕੈਨੇਡੀਅਨ ਡਾਲਰ ਦੇ ਬਿਨਾਂ ਅਦਾ ਕੀਤੇ ਬਿੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਵਾਪਰੀ ਸੀ।  ਅਦਾਲਤ ਵਿੱਚ ਦੱਸਿਆ ਗਿਆ ਕਿ 25 ਸਾਲਾ ਰੌਬਰਟ ਈਵਨਜ ਨੇ ਮੈਨਸਲਾਟਰ (ਗੈਰ-ਇਰਾਦਤਨ ਕਤਲ) ਦਾ ਦੋਸ਼ ਕਬੂਲ ਕੀਤਾ, ਜਦਕਿ ਉਸਦੇ ਪਿਤਾ ਰੌਬਰਟ ਬਸਬੀ ਈਵਨਜ(49) ਅਤੇ ਚਾਚਾ ਬੈਰੀ ਈਵਨਜ(56) ਨੇ ਜੁਰਮ ਤੋਂ ਬਾਅਦ ਮਦਦ ਕਰਨ ਦੇ ਦੋਸ਼ ਮੰਨ ਲਏ ਹਨ।  ਪੁਲਿਸ ਮੁਤਾਬਕ  ਤਿੰਨੇ ਵਿਅਕਤੀ ਰੈਸਟੋਰੈਂਟ ਤੋਂ ਬਿਨਾਂ ਬਿੱਲ ਅਦਾ ਕੀਤੇ ਨਿਕਲ ਗਏ ਸਨ। ਜਦੋਂ ਸ਼ਰੀਫ਼ ਰਹਿਮਾਨ ਨੇ ਭੁਗਤਾਨ ਦੀ ਮੰਗ ਕੀਤੀ ਤਾਂ ਝਗੜਾ ਹੋ ਗਿਆ। ਇਸ ਦੌਰਾਨ ਰਾਬਰਟ ਈਵਨਜ ਨੇ ਰਹਿਮਾਨ ਨੂੰ ਮੁੱਕਾ ਮਾਰਿਆ, ਜਿਸ ਕਾਰਨ ਉਹ ਜ਼ਮੀਨ &rsquoਤੇ ਡਿੱਗ ਪਇਆ ਅਤੇ ਸਿਰ &rsquoਤੇ ਗੰਭੀਰ ਸੱਟ ਲੱਗੀ। ਇੱਕ ਹਫ਼ਤੇ ਬਾਅਦ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।  

       ਤਿੰਨਾਂ ਨੂੰ ਪਹਿਲਾਂ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਦਸੰਬਰ 2025 ਵਿੱਚ ਕੈਨੇਡਾ ਹਵਾਲੇ ਕੀਤਾ ਗਿਆ।  ਇਸ ਮਾਮਲੇ ਵਿੱਚ ਮੁੱਖ ਦੋਸ਼ੀ ਰੌਬਰਟ ਈਵਨਜ ਨੂੰ ਸਜ਼ਾ 10 ਜੁਲਾਈ 2026 ਨੂੰ ਸੁਣਾਈ ਜਾਣੀ ਹੈ। ਉਸ ਨੇ ਗੈਰ-ਇਰਾਦਤਨ ਕਤਲ ਦਾ ਦੋਸ਼ ਕਬੂਲ ਕੀਤਾ ਹੈ।  ਉਸ ਦੇ ਪਿਤਾ ਅਤੇ ਚਾਚਾ ਜਿਨ੍ਹਾਂ ਨੇ ਜੁਰਮ ਤੋਂ ਬਾਅਦ ਮਦਦ ਕਰਨ ਦੇ ਦੋਸ਼ ਮੰਨੇ ਹਨ, ਉਨ੍ਹਾਂ ਦੀ ਸਜ਼ਾ ਬਾਰੇ ਫੈਸਲਾ ਉਸ ਤੋਂ ਅਗਲੇ ਹਫ਼ਤੇ ਕੀਤਾ ਜਾਣਾ ਹੈ।