ਗੈਂਟ (ਬੈਲਜੀਅਮ) ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਦੋ ਇਤਿਹਾਸਕ ਪੁਸਤਕਾਂ ਰਿਲੀਜ਼-ਭਾਈ ਮਨਜੋਤ ਸਿੰਘ

 
ਗੈਂਟ, ਬੈਲਜੀਅਮ-7 ਜੂਨ 2026-(ਰਸ਼ਪਿੰਦਰ ਕੌਰ ਗਿੱਲ): ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ (ਬੈਲਜੀਅਮ) ਵਿਖੇ ਸਿੱਖ ਜਥੇਬੰਦੀਆਂ ਅਤੇ ਸਮੂਹ ਸਾਧ ਸੰਗਤ ਵੱਲੋਂ 7 ਜੂਨ ਨੂੰ ਜੂਨ 1984 ਦੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਕਵੀਸ਼ਰ ਭਾਈ ਤਰਸੇਮ ਸਿੰਘ ਜੋਸ਼ ਅਤੇ ਬਾਬਾ ਬਲਵਿੰਦਰ ਸਿੰਘ ਵੱਲੋਂ ਬੀਰ-ਰਸੀ ਕਵੀਸ਼ਰੀ ਵਾਰਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਮੂਹ ਸੰਗਤ ਨੇ ਸ਼ਹੀਦਾਂ ਦੇ ਚਰਨਾਂ ਵਿੱਚ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
ਸਮਾਗਮ ਦੌਰਾਨ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਭਾਈ ਮਨਜੋਤ ਸਿੰਘ ਭੂਰਾ ਨੇ ਕਿਹਾ ਕਿ ਸਮੂਹ ਸਾਧ ਸੰਗਤ ਨੂੰ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋ ਕੇ ਹਰ ਸਾਲ 1 ਤੋਂ 10 ਜੂਨ ਤੱਕ ਸ਼ਹੀਦੀ ਸਮਾਗਮ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਨੇ ਸਿੱਖ ਬੱਚਿਆਂ ਨੂੰ ਆਪਣੇ ਅਮੀਰ ਇਤਿਹਾਸ ਅਤੇ ਸਾਹਿਤ (ਲਿਟਰੇਚਰ) ਨਾਲ ਜੋੜਨ ਦੀ ਅਪੀਲ ਵੀ ਕੀਤੀ। ਭਾਈ ਭੂਰਾ ਨੇ ਅੱਗੇ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ 'ਤੇ ਫ਼ੌਜ ਚਾੜ੍ਹ ਕੇ ਜੋ ਅਤਿਆਚਾਰ ਕੀਤਾ ਗਿਆ ਸੀ, ਉਸ ਦੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਅਤੇ ਇਨਸਾਫ਼ ਸਿਰਫ਼ 'ਖਾਲਿਸਤਾਨ' ਦੀ ਪ੍ਰਾਪਤੀ ਨਾਲ ਹੀ ਸੰਭਵ ਹੈ, ਜੋ ਕਿ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਸਨ।
ਇਸ ਪ੍ਰੋਗਰਾਮ ਦੌਰਾਨ ਦੋ ਇਤਿਹਾਸਕ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਪਹਿਲੀ ਪੁਸਤਕ "ਸਿੱਦਕੀ ਤੇ ਸੰਘਰਸ਼ੀ" ਪੇਸ਼ ਕੀਤੀ ਗਈ, ਜਿਸ ਦੇ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਸੰਪਾਦਕ ਬੀਬੀ ਰਸ਼ਪਿੰਦਰ ਕੌਰ ਗਿੱਲ ਹਨ। ਦੂਜੀ ਪੁਸਤਕ "ਤਵਾਰੀਖ ਬੱਬਰ ਖਾਲਸਾ" ਰਿਲੀਜ਼ ਕੀਤੀ ਗਈ, ਜਿਸ ਨੂੰ ਕਰਮਜੀਤ ਸਿੰਘ ਸਿੱਖਾਂਵਾਲਾ ਵੱਲੋਂ ਸੰਪਾਦਿਤ ਕੀਤਾ ਗਿਆ ਹੈ।
ਸਮਾਗਮ ਦੇ ਅਖੀਰ ਵਿੱਚ ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਮਨਜੋਤ ਸਿੰਘ ਭੂਰਾ ਵੱਲੋਂ ਸਮੂਹ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ-ਦਿਲੋਂ ਧੰਨਵਾਦ ਕੀਤਾ ਗਿਆ।
-