ਦੱਖਣੀ ਅਫ਼ਰੀਕਾ ਵਿੱਚ ਬ੍ਰਿਟਿਸ਼ ਦੰਪਤੀ ਦਾ ਕਤਲ, ਲਾਸ਼ਾਂ ਮਗਰਮੱਛਾਂ ਵਾਲੀ ਨਦੀ ਵਿੱਚ ਸੁੱਟੀਆਂ

ਤਸਵੀਰ ਕੈਪਸ਼ਨ: ਦੱਖਣੀ ਅਫ਼ਰੀਕਾ ਵਿੱਚ 2018 ਦੌਰਾਨ ਕਤਲ ਕੀਤੇ ਗਏ ਬ੍ਰਿਟਿਸ਼ ਦੰਪਤੀ ਰੌਡ ਅਤੇ ਰੇਚਲ ਸਾਂਡਰਜ਼ ਦੇ ਮਾਮਲੇ ਵਿੱਚ ਅਦਾਲਤ ਨੇ ਆਈਐਸਆਈਐਸ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ।

 ਡਰਬਨ (ਦੱਖਣੀ ਅਫ਼ਰੀਕਾ), 10 ਜੂਨ &ndash ਦੱਖਣੀ ਅਫ਼ਰੀਕਾ ਦੀ ਅਦਾਲਤ ਨੇ ਇੱਕ ਆਈਐਸਆਈਐਸ (ISIS) ਨਾਲ ਜੁੜੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਬ੍ਰਿਟਿਸ਼ ਬਨਸਪਤੀ ਵਿਗਿਆਨੀਆਂ ਰੌਡ ਸਾਂਡਰਜ਼ ਅਤੇ ਉਨ੍ਹਾਂ ਦੀ ਪਤਨੀ ਰੇਚਲ ਸਾਂਡਰਜ਼ ਦੇ ਅਗਵਾ, ਲੁੱਟ ਅਤੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ। ਇਹ ਦਿਲ ਦਹਲਾ ਦੇਣ ਵਾਲੀ ਘਟਨਾ 2018 ਵਿੱਚ ਵਾਪਰੀ ਸੀ ਜਦੋਂ ਦੰਪਤੀ ਦੁਰਲੱਭ ਬੀਜਾਂ ਦੀ ਭਾਲ ਲਈ ਦੱਖਣੀ ਅਫ਼ਰੀਕਾ ਦੇ ਜੰਗਲੀ ਖੇਤਰ ਵਿੱਚ ਗਏ ਹੋਏ ਸਨ।

ਅਦਾਲਤ ਵਿੱਚ ਪੇਸ਼ ਸਬੂਤਾਂ ਅਨੁਸਾਰ ਰੌਡ ਸਾਂਡਰਜ਼ (74) ਅਤੇ ਰੇਚਲ ਸਾਂਡਰਜ਼ (63) ਨੂੰ ਜੰਗਲ ਨੇੜੇ ਘਾਤ ਲਗਾ ਕੇ ਰੋਕਿਆ ਗਿਆ। ਹਮਲਾਵਰਾਂ ਨੇ ਉਨ੍ਹਾਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਇਆ, ਬੈਂਕ ਖਾਤਿਆਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਬਾਅਦ ਵਿੱਚ ਚਾਕੂਆਂ ਅਤੇ ਹੋਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਕਤਲ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਸਲੀਪਿੰਗ ਬੈਗਾਂ ਵਿੱਚ ਬੰਦ ਕਰਕੇ ਮਗਰਮੱਛਾਂ ਨਾਲ ਭਰੀ ਤੁਗੇਲਾ ਨਦੀ ਵਿੱਚ ਸੁੱਟ ਦਿੱਤਾ ਗਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਦੇ ਅਵਸ਼ੇਸ਼ ਬਰਾਮਦ ਹੋਏ, ਪਰ ਹਾਲਤ ਇੰਨੀ ਖ਼ਰਾਬ ਸੀ ਕਿ ਪਛਾਣ ਲਈ ਡੀਐਨਏ ਜਾਂਚ ਕਰਨੀ ਪਈ।

ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਦੋਸ਼ੀਆਂ ਨੇ ਕਤਲ ਤੋਂ ਬਾਅਦ ਦੰਪਤੀ ਦੇ ਬੈਂਕ ਖਾਤਿਆਂ ਵਿੱਚੋਂ ਹਜ਼ਾਰਾਂ ਪੌਂਡ ਕੱਢੇ ਅਤੇ ਉਨ੍ਹਾਂ ਦੀ ਗੱਡੀ ਤੇ ਹੋਰ ਸਮਾਨ ਦੀ ਵਰਤੋਂ ਕੀਤੀ। ਜਾਂਚ ਦੌਰਾਨ ਮੁਲਜ਼ਮਾਂ ਦੇ ਘਰ ਤੋਂ ਆਈਐਸਆਈਐਸ ਨਾਲ ਸਬੰਧਤ ਸਾਹਿਤ ਅਤੇ ਝੰਡੇ ਵੀ ਮਿਲੇ ਸਨ। ਫ਼ੋਨਾਂ ਵਿੱਚੋਂ ਮਿਲੇ ਸੁਨੇਹਿਆਂ ਨੇ ਵੀ ਉਨ੍ਹਾਂ ਦੇ ਅੱਤਵਾਦੀ ਵਿਚਾਰਾਂ ਵੱਲ ਇਸ਼ਾਰਾ ਕੀਤਾ।

ਤਿੰਨਾਂ ਦੋਸ਼ੀਆਂ ਨੂੰ ਕਤਲ, ਅਗਵਾ, ਲੁੱਟ ਅਤੇ ਚੋਰੀ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ। ਸਜ਼ਾ ਦਾ ਐਲਾਨ 19 ਜੂਨ ਨੂੰ ਹੋਣ ਦੀ ਸੰਭਾਵਨਾ ਹੈ ਅਤੇ ਦੱਖਣੀ ਅਫ਼ਰੀਕਾ ਦੇ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਮਿਲ ਸਕਦੀ ਹੈ।