ਸਪਨਾ ਚੌਧਰੀ ਪਤੀ ਖਿਲਾਫ ਪਹੁੰਚੀ ਅਦਾਲਤ

ਹਰਿਆਣਵੀ ਸਿੰਗਰ, ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਮਹੱਤਵਪੂਰਨ ਕਾਨੂੰਨੀ ਰਾਹਤ ਮਿਲੀ ਹੈ। ਦਿੱਲੀ ਦੀ ਦਵਾਰਕਾ ਮਹਿਲਾ ਅਦਾਲਤ ਨੇ ਸਪਨਾ ਚੌਧਰੀ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਹੈ, ਜਿਸ ਨਾਲ ਉਸਦੇ ਪਤੀ ਯਸ਼ਵੀਰ ਸਾਹੂ ਨੂੰ ਕਿਸੇ ਵੀ ਤਰ੍ਹਾਂ ਨਾਲ ਸੰਪਰਕ ਕਰਨ ਜਾਂ ਉਸਦੇ ਨੇੜੇ ਆਉਣ ਤੋਂ ਰੋਕਿਆ ਗਿਆ ਹੈ।
ਇਹ ਹੁਕਮ ਸਪਨਾ ਦੀ ਆਉਣ ਵਾਲੀ ਫਿਲਮ &ldquoਮੋਮਾਕੂ&rdquo ਦੇ ਪ੍ਰੀਮੀਅਰ ਤੋਂ ਠੀਕ ਪਹਿਲਾਂ ਆਇਆ ਹੈ। ਅਦਾਲਤ ਨੇ ਯਸ਼ਵੀਰ ਸਾਹੂ ਨੂੰ ਸਪਨਾ ਦੇ ਘਰ, ਦਫਤਰ, ਜਾਂ ਇੱਥੋਂ ਤੱਕ ਕਿ ਫਿਲਮ ਦੇ ਪ੍ਰੀਮੀਅਰ ਸਥਾਨ &lsquoਤੇ ਜਾਣ ਤੋਂ ਵੀ ਰੋਕ ਦਿੱਤਾ ਹੈ। ਇਹ ਹੁਕਮ ਅਗਲੀ ਸੁਣਵਾਈ ਤੱਕ ਲਾਗੂ ਰਹੇਗਾ।
ਰਿਪੋਰਟਾਂ ਮੁਤਾਬਕ ਚਾਰ ਸਾਲਾਂ ਦੀ ਦੋਸਤੀ ਤੋਂ ਬਾਅਦ ਦੋਹਾਂ ਨੇ ਜਨਵਰੀ 2020 ਵਿੱਚ ਵਿਆਹ ਕਰਵਾਇਆ। ਹਿਸਾਰ ਦਾ ਰਹਿਣ ਵਾਲੇ ਵੀਰ ਸਾਹੂ ਇੱਕ ਗਾਇਕ, ਸੰਗੀਤਕਾਰ, ਲੇਖਕ, ਨਿਰਮਾਤਾ ਅਤੇ ਅਦਾਕਾਰ ਹੈ। ਉਸ ਨੇ &ldquoਖਲਨਾਇਕ&rdquo ਅਤੇ &ldquoਰਸੁਕ ਆਲਾ ਜਾਟ&rdquo ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ, ਪਰ ਵਿਆਹ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ।
ਕਈ ਦਿਨਾਂ ਤੋਂ ਸਪਨਾ ਦੇ ਵਿਆਹ ਵਿੱਚ ਝਗੜੇ ਦੀਆਂ ਖਬਰਾਂ ਆ ਰਹੀਆਂ ਸਨ। ਕਈ ਇੰਟਰਵਿਊਆਂ ਵਿੱਚ ਉਸ ਨੇ ਆਪਣੇ ਵਿਆਹ ਦੇ ਟੁੱਟਣ ਦਾ ਸੰਕੇਤ ਦਿੱਤਾ ਸੀ। ਹੁਣ ਉਨ੍ਹਾਂ ਦੀ ਪੁਸ਼ਟੀ ਹੁੰਦੀ ਲੱਗ ਰਹੀ ਹੈ।
ਮਹਿਲਾ ਅਦਾਲਤ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ, ਸਪਨਾ ਚੌਧਰੀ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪਤੀ ਨੇ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਅਤੇ ਜਨਤਕ ਥਾਵਾਂ &lsquoਤੇ ਹੰਗਾਮਾ ਕੀਤਾ। ਸਪਨਾ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੀ ਹਿੰਸਾ ਕਾਰਨ ਉਸ ਨੂੰ ਆਪਣੇ ਦੋ ਨਾਬਾਲਿਗ ਬੱਚਿਆਂ ਨਾਲ ਸਹੁਰਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਉਸਨੇ ਘਰੇਲੂ ਹਿੰਸਾ ਦੀ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਸਪਨਾ ਦੀ ਨੁਮਾਇੰਦਗੀ ਕਰ ਰਹੀ ਵਕੀਲ ਪ੍ਰੀਤੀ ਸਿੰਘ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਹੋਣ ਦੀ ਸੰਭਾਵਨਾ ਹੈ। ਖਾਸ ਕਰਕੇ 10 ਜੂਨ ਨੂੰ ਹੋਣ ਵਾਲੇ ਫਿਲਮ ਪ੍ਰੀਮੀਅਰ ਨੂੰ ਦੇਖਦੇ ਹੋਏ ਇਹ ਡਰ ਸੀ ਕਿ ਯਸ਼ਵੀਰ ਉਥੇ ਪਹੁੰਚ ਕੇ ਹੰਗਾਮਾ ਕਰ ਸਕਦਾ ਹੈ ਅਤੇ ਸਪਨਾ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।
ਅਦਾਲਤ ਨੇ ਮੈਡੀਕਲ ਰਿਪੋਰਟ, ਸੱਟਾਂ ਦੀਆਂ ਤਸਵੀਰਾਂ ਅਤੇ ਕਥਿਤ ਧਮਕੀਆਂ ਦੀਆਂ ਰਿਕਾਰਡਿੰਗ ਸਣੇ ਪੇਸ਼ ਕੀਤੇ ਗਏ ਦਸਤਾਵੇਜਾਂ &lsquoਤੇ ਗੌਰ ਕਰਨ ਤੋਂ ਬਾਅਦ ਇਹ ਅੰਤਰਿਮ ਹੁਕਮ ਜਾਰੀ ਕੀਤਾ।

ਮਹਿਲਾ ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਯਸ਼ਵੀਰ ਸਾਹੂ ਅਗਲੀ ਸੁਣਵਾਈ ਤੱਕ ਸਪਨਾ ਚੌਧਰੀ ਨਾਲ ਕਿਸੇ ਵੀ ਤਰ੍ਹਾਂ ਸੰਪਰਕ ਨਹੀਂ ਕਰ ਸਕਦਾ। ਉਸਨੂੰ ਸਪਨਾ ਦੇ ਘਰ, ਕੰਮ ਵਾਲੀ ਥਾਂ ਜਾਂ ਫਿਲਮ ਪ੍ਰੀਮੀਅਰ ਵਾਲੀ ਥਾਂ &lsquoਤੇ ਜਾਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ।

ਅਦਾਲਤ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਸਪਨਾ ਨੂੰ ਕਿਸੇ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ। ਜੁਡੀਸ਼ੀਅਲ ਮੈਜਿਸਟ੍ਰੇਟ ਨਿਧੀ ਸਿੰਘ ਨੇ ਸਬੰਧਤ ਸੁਰੱਖਿਆ ਅਧਿਕਾਰੀ ਅਤੇ ਇਲਾਕੇ ਦੇ ਐਸਐਚਓ ਨੂੰ ਹੁਕਮ ਦੀ ਇੱਕ ਕਾਪੀ ਯਸ਼ਵੀਰ ਸਾਹੂ ਨੂੰ ਪਹੁੰਚਾਉਣ ਅਤੇ ਸਪਨਾ ਚੌਧਰੀ ਨੂੰ ਹਰ ਲੋੜੀਂਦੀ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।

ਅਦਾਲਤ ਨੇ ਘਰੇਲੂ ਹਿੰਸਾ ਮਾਮਲੇ ਵਿੱਚ ਯਸ਼ਵੀਰ ਸਾਹੂ ਨੂੰ ਸੰਮਨ ਵੀ ਜਾਰੀ ਕੀਤੇ ਹਨ ਅਤੇ ਉਸ ਨੂੰ ਸੁਣਵਾਈ ਲਈ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਫਿਲਹਾਲ ਸਪਨਾ ਚੌਧਰੀ ਵੱਲੋਂ ਲਗਾਏ ਗਏ ਦੋਸ਼ਾਂ &lsquoਤੇ ਅੰਤਿਮ ਫੈਸਲਾ ਵਿਚਾਰ ਅਧੀਨ ਹੈ। ਮਾਮਲਾ ਅਦਾਲਤ ਵਿੱਚ ਹੈ ਅਤੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।