ਜਥੇਦਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਅਪੀਲ

ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਕੋਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ। ਪਹਿਲਗਾਮ ਵਿੱਚ ਯਾਤਰੀਆਂ &rsquoਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਆਈ ਕੁੜੱਤਣ ਦੌਰਾਨ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਆਵਾਜਾਈ ਤੇ ਵਪਾਰਕ ਅਤੇ ਕੂਟਨੀਤਿਕ ਸਬੰਧ ਤੋੜ ਲਏ ਗਏ ਸਨ। ਇਸੇ ਤਹਿਤ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਜਥੇਦਾਰ ਗੜਗੱਜ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਛੇਤੀ ਖੋਲਿ੍ਹਆ ਜਾਵੇ ਜੋ ਪਿਛਲੇ ਲਗਪਗ ਇੱਕ ਸਾਲ ਤੋਂ ਬੰਦ ਪਿਆ ਹੈ। ਲਾਂਘਾ ਬੰਦ ਹੋਣ ਕਰਕੇ ਸਿੱਖ ਸੰਗਤ ਗੁਰੂ ਨਾਨਕ ਦੇਵ ਦੇ ਘਰ ਦੇ ਦਰਸ਼ਨ ਕਰਨ ਤੋਂ ਵਾਂਝੀ ਹੈ। ਉਨ੍ਹਾਂ 14 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਭਲਕੇ 10 ਜੂਨ ਨੂੰ ਜਾਣ ਵਾਲੇ ਜਥੇ ਦਾ ਸਵਾਗਤ ਕਰਦਿਆਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ 1974 ਦੀ ਸਹਿਮਤੀ ਮੁਤਾਬਕ ਹਰ ਸਾਲ ਚਾਰ ਸਿੱਖ ਜਥੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ, ਪਰੰਤੂ ਪੰਚਮ ਪਾਤਸ਼ਾਹ ਦੀ ਸ਼ਹੀਦੀ ਮੌਕੇ ਆਖਰੀ ਜਥਾ ਜੂਨ 2013 ਵਿੱਚ ਗਿਆ ਸੀ।