ਮੌਜੂਦਾ ਬ੍ਰਾਹਮਣਵਾਦ ਵੱਲੋਂ ਦੁਬਾਰਾ ਗੁਰੂ ਗ੍ਰੰਥ ਸਾਹਿਬ ਦੀ ਸਰਵਉੱਚ ਵਿਚਾਰਧਾਰਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ

ਜਥੇਦਾਰ ਮਹਿੰਦਰ ਸਿੰਘ ਯੂ।ਕੇ।

ਬਿਪਰਵਾਦ ਦੀਆਂ ਚਾਲਾਂ ਨੂੰ ਸਮਝ ਕੇ ਅੰਗਰੇਜ਼ ਸਰਕਾਰ ਦੀ ਖ਼ੁਫ਼ੀਆ ਏਜੰਸੀ ਦੇ ਸਹਾਇਕ ਡਾਇਰੈਕਟਰ ਡੀ.ਪੈਟਰੀ ਨੇ 11 ਅਗਸਤ 1911 ਦੀ ਖ਼ੁਫ਼ੀਆ ਰਿਪੋਰਟ ਵਿੱਚ ਿਲਿਖਆ ਹੈ:
ਹਿੰਦੂ ਮੱਤ, ਸਿੱਖ ਮੱਤ ਬਾਰੇ ਹਮੇਸ਼ਾ ਵਿਰੋਧੀ ਰੋਲ਼ ਅਦਾ ਕਰਦਾ ਰਿਹਾ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ਹਿੰਦੂਆਂ ਦੇ ਜਾਤ ਵਰਣ ਦੇ ਵਿਤਕਰਿਆਂ ਵਿਰੁੱਧ ਸਖ਼ਤ ਤੇ ਸਫ਼ਲ ਕਦਮ ਉਠਾਏ ਸਨ, ਜਦੋਂ ਕਿ ਬ੍ਰਾਹਮਣੀ ਵਿਚਾਰਧਾਰਾ ਦਾ ਬੁਨਿਆਦੀ ਢਾਂਚਾ ਹੀ ਇਸ ਉਪਰ ਖੜਾ ਸੀ। ਇਸੇੇ ਕਾਰਨ ਹਿੰਦੂ ਵਰਤਾਰਾ ਹਮੇਸ਼ਾ ਹੀ ਸਿੱਖ ਧਰਮ ਦੀ ਹੇਠੀ ਕਰਨ ਵਾਲ਼ਾ ਰਿਹਾ ਹੈ। ਹਿੰਦੂਆਂ ਵੱਲੋਂ ਸਿੱਖ ਮਾਪਿਆਂ ਦੇ ਬੱਚਿਆਂ ਨੂੰ ਪਾਹੁਲ ਲੈਣ (ਅੰਮ੍ਰਿਤ ਛਕਣ) ਤੋਂ ਰੋਕਣ ਅਤੇ ਸਿੱਖ ਕਹਾਉਣ ਵਾਲ਼ੇ ਹੋਰ ਲੋਕਾਂ ਨੂੰ ਸਿੱਖ ਧਰਮ ਵੱਲ ਕੰਡ ਕਰਨ ਦੀ ਪ੍ਰਰੇਣਾ ਦੇਣਾ, ਇਹਨਾਂ ਦਾ ਕੰਮ ਰਿਹਾ ਹੈ। ਹਿੰਦੂ ਧਰਮ ਨੇ ਬੁੱਧ ਮੱਤ, ਜੋ ਇਸ ਦਾ ਵਿਰੋਧੀ ਸੀ, ਦਾ ਗਲ਼ਾ ਤਾਂ ਘੁੱਟ ਹੀ ਦਿੱਤਾ ਹੋਇਆ ਸੀ। ਹੁਣ ਇਸ ਨੇ ਸਿੱਖ ਧਰਮ ਨਾਲ ਉਹੋ ਹੀ ਵਰਤਾਅ ਕਰਨ ਦੇ ਵੱਡੇ ਚਿੰਤਾਜਨਕ ਅਤੇ ਭਿਆਨਕ ਰਸਤੇ ਅਪਣਾ ਲਏ ਹਨ।
  ਹੁਣ ਅਸੀਂ ਇਹ ਵਿਚਾਰ ਕਰਾਂਗੇ ਕਿ ਇਤਿਹਾਸਕ ਕਾਰਨਾਂ ਕਰ ਕੇ ਨਵੀਨ-ਬ੍ਰਾਹਮਣਵਾਦ ਤੇ ਹਿੰਦੂ ਮੱਤ ਇੱਕੋ ਵਸੂਤ ਦੇ ਦੋ ਨਾਂ ਪ੍ਰਚਲਤ ਹੋ ਗਏ। ਇਸ ਕਰਕੇ ਸਾਨੂੰ ਵੈਦਿਕ ਧਰਮ ਦੇ ਅਨੁਯਾਈਆਂ ਤੇ ਆਰੀਆ ਸਮਾਜ ਲਈ ਹਿੰਦੂ ਅਤੇ ਹਿੰਦੂ ਮੱਤ ਸ਼ਬਦ ਵਰਤਣੇ ਪੈ ਰਹੇ ਹਨ ਖ਼ਾਸ ਕਰ ਜਿੱਥੇ ਇਤਿਹਾਸਕ ਹਵਾਲੇ ਦੇਣੇ ਪੈਂਦੇ ਹਨ। ਇਸ ਕਰਕੇ ਜਦੋਂ ਅਸੀਂ ਹਿੰਦੂ ਜਾਂ ਹਿੰਦੂ ਮੱਤ ਦਾ ਸ਼ਬਦ ਵਰਤਦੇ ਹਾਂ ਉਹਨਾਂ ਦਾ ਮਤਲਬ ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜਾ ਬ੍ਰਾਹਮਣ ਜਾਂ ਬ੍ਰਾਹਮਣਵਾਦ ਸ਼ਬਦ ਵਰਤਿਆ ਜਾਂਦਾ ਸੀ, ਹਿੰਦੂ ਅਤੇ ਹਿੰਦੂ ਮੱਤ ਦਾ ਓਹੀ ਮਤਲਬ ਸਮਝਣਾ ਚਾਹੀਦਾ ਹੈ। ਕਿਉਂਕਿ ਜਾਤ-ਪਾਤ ਦੀ ਦਰਜਾ-ਬ-ਦਰਜੀ ਦਾ ਧੁਰਾ ਬ੍ਰਾਹਮਣ, ਨੇ ਜਾਤ ਦੀ ਮੰਨੀ ਹੋਈ ਸਭ ਤੋਂ ਉੱਚੀ ਥਾਂ ਇਸ ਲਈ ਹਾਸਲ ਕਰ ਲਈ ਕਿ ਜਾਤ ਇੱਕ ਸਮਾਜਿਕ ਰੁਤਬਾ ਹੈ ਅਤੇ ਜਾਤਾਂ ਦਾ ਸਮਾਜਿਕ ਰੁਤਬਾ ਬ੍ਰਾਹਮਣਾਂ ਦੇ ਰੁਤਬੇ ਨਾਲ ਨਾਪ ਕੇ ਤਹਿ ਕੀਤਾ ਜਾਂਦਾ ਹੈ।
ਇਸ ਕਰਕੇ ਕੇਂਦਰ ਧਰਮ, ਧਾਰਮਿਕ ਰੀਤਾਂ ਤੇ ਰਸਮਾਂ ਦੀ ਮਨੋਤ ਉੱਤੇ ਜ਼ੋਰ ਦੇਣਾ ਸਨਾਤਨੀ ਸਮਾਜ ਦੀ ਚੂਲ ਬਣ ਗਿਆ। ਦੇਹਧਾਰੀ ਗੁਰੂ ਚੇਲੇ ਦੀ ਪ੍ਰੰਪਰਾ ਵੀ ਵੈਦਿਕ ਧਰਮ ਦੀ ਰੀੜ੍ਹ ਦੀ ਹੱਡੀ ਹੈ। ਕੇਵਲ ਬ੍ਰਾਹਮਣ ਹੀ ਗੁਰੂ ਤੇ ਪੁਜਾਰੀ ਹੋ ਸਕਦੇ ਸਨ ਪਰ ਗੁਰੂ ਗ੍ਰੰਥ ਸਾਹਿਬ ਇਸ ਦਾ ਖੰਡਨ ਕਰਦੇ ਹੋਏ ਫੁਰਮਾਉਂਦੇ ਹਨ :
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥ 
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥237॥ (ਅੰਗ 1377)
ਇਸ ਕਰਕੇ ਬ੍ਰਾਹਮਣ ਇਹਨਾਂ ਰੀਤਾਂ ਤੇ ਰਸਮਾਂ ਤੋਂ ਲਾਭ ਉਠਾਉਂਦੇ ਸਨ। ਇਸ ਕਾਰਾਗਰੀ ਨਾਲ ਬ੍ਰਾਹਮਣ ਦੇ ਘੇਰੇ ਤੋਂ ਬਾਹਰ ਦੀ ਵਸੋਂ ਦੇ ਵਿਸ਼ਵਾਸ ਪ੍ਰਥਾਵਾਂ ਤੇ ਰੀਤਾਂ ਨੂੰ ਆਪਣੇ ਨਾਲ ਮਿਲਾਇਆ ਗਿਆ। ਉਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਇਸ ਅਮਲ ਨੂੰ ਤੋਰਨ ਪਿੱਛੋਂ ਮੁੱਖ ਵਿਚਾਰ ਬ੍ਰਾਹਮਣਾਂ ਦੇ ਜਾਤੀ ਲਾਭ ਦਾ ਸੀ। ਮਨੂੰ ਸਿਮਰਤੀ ਅਨੁਸਾਰ ਸਨਾਤਨੀ ਪੁਜਾਰੀ ਹਲਕਿਆਂ ਵਿੱਚ ਕੋਈ ਖੁੱਲ੍ਹਾ ਸਮਾਜਿਕ ਵਿਚਾਰ ਨਾ ਕਦੇ ਪੈਦਾ ਹੋਇਆ ਸੀ ਤੇ ਨਾ ਪੈਦਾ ਹੋਣ ਦਿੱਤਾ ਗਿਆ। ਇਹ ਵਿਸ਼ਵਾਸ ਹੈ ਕਿ ਉਪਨਿਸ਼ਦਾਂ ਨੂੰ ਲਿਖਣ ਵਾਲ਼ੇ ਖੱਤਰੀ ਹੋਏ ਹਨ ਜਾਂ ਉਹ ਰਿਸ਼ੀ, ਜਿਨ੍ਹਾਂ ਦਾ ਪੁਜਾਰੀ ਸ਼੍ਰੇਣੀ ਨਾਲ ਕੋਈ ਸੰਬੰਧ ਨਹੀਂ ਸੀ। ਬੁੱਧ ਧਰਮ ਤੇ ਜੈਨ ਧਰਮ ਖੱੁਲ੍ਹੇ ਤੌਰ ਤੇ ਬ੍ਰਾਹਮਣਾਂ ਦੇ ਵਿਰੁੱਧ ਖੱਤਰੀਆਂ ਦੀ ਬਗ਼ਾਵਤ ਸੀ। ਭਾਗਵਤਵਾਦ ਦਾ ਬਾਨੀ ਭਗਵਾਨ ਸ੍ਰੀ ਕ੍ਰਿਸ਼ਨ ਤੇ ਉਹਨਾਂ ਦੇ ਮੱਤ ਦਾ ਸੰਬੰਧ ਗੈਰ ਬ੍ਰਾਹਮਣੀ ਤੇ ਗੈਰ ਰਵਾਇਤ ਨਾਲ ਹੈ। (ਤਾਰਾ ਚੰਦ ਅਨੁਸਾਰ) ਨਵੇਂ ਸਮੇਂ ਦੀ ਭਗਤੀ ਲਹਿਰ ਉੱਤੇ ਬਹੁਤਾ ਅਸਰ ਇਸਲਾਮ ਧਰਮ ਦਾ ਹੈ ਅਤੇ ਸ਼ੰਕਰ ਆਪਣੀ ਫਿਲਾਸਫੀ ਦੇ ਗ੍ਰੰਥ ਵਿੱਚ ਭਗਤੀ ਦਾ ਜਿਕਰ ਸਿਰਫ਼ ਇੱਕ ਵਾਰ ਕਰਦਾ ਹੈ, ਉਹ ਵੀ ਉਸ ਲਈ ਘ੍ਰਿਣਾ ਦਾ ਪ੍ਰਗਟਾਵਾ ਕਰਨ ਲਈ। ਬ੍ਰਾਹਮਣਾਂ ਨੇ ਸੁਚੇਤ ਤੌਰ &rsquoਤੇ ਜਾਤ-ਪਾਤੀ ਵਿਚਾਰਧਾਰਾ ਘੜੀ, ਧਾਰਮਿਕ ਪੁਸਤਕਾਂ ਅਤੇ ਸਾਹਿਤ ਵਿੱਚ ਹੇਰਾ-ਫੇਰੀ ਕੀਤੀ ਅਤੇ ਰਵਾਇਤ ਨੂੰ ਅਦਲਿਆ-ਬਦਲਿਆ। ਏਸੇ ਸਦਕਾ ਹੀ ਉਹ ਧਾਰਮਿਕ ਤੇ ਭਾਈਚਾਰਕ ਖੇਤਰ ਚ ਧੁਰਾ ਬਣ ਗਏ ਅਤੇ ਰਾਜਸੀ ਤਾਕਤ ਉੱਤੇ ਭਾਰੂ ਹੋ ਗਏ। 
ਬ੍ਰਾਹਮਣਵਾਦ ਨੇ ਇਹ ਸਿਧਾਂਤ ਥਾਪਿਆ ਕਿ ਮਨੱੁਖ ਆਪਣੇ ਗੁਣਾਂ ਕਰਕੇ ਨਹੀਂ ਸਗੋਂ ਆਪਣੀ ਪੈਦਾਇਸ਼ ਕਰਕੇ ਉੱਚੇ ਨੀਵੇਂ ਹਨ ਤੇ ਰਹਿਣਗੇ। ਜੇ ਇੱਕ ਆਦਮੀ ਦਾ ਜਨਮ ਉੱਚੀ ਜਾਤ ਵਿੱਚ ਹੋਇਆ ਹੈ ਤਾਂ ਉਹ ਉੱਚਾ ਹੈ। ਭਾਵੇਂ ਉਹ ਚੋਰ, ਡਾਕੂ ਤੇ ਲੁੱਚਾ ਕਿਉਂ ਨਾ ਹੋਵੇ। ਜਿਸ ਦਾ ਜਨਮ ਨੀਵੀਂ ਜਾਤ ਵਿੱਚ ਹੋਇਆ ਹੈ, ਉਹ ਨੀਵਾਂ ਹੈ ਭਾਵੇਂ ਉਹ ਕਿੰਨੇ ਹੀ ਉੱਚੇ ਆਚਾਰ ਦਾ ਮਾਲਕ ਕਿਉਂ ਨਾ ਹੋਵੇ। ਜਾਤ ਆਰਥਿਕ ਹਿੱਤਾਂ ਦੀਆਂ ਵੱਟਾਂ ਟੱਪ ਜਾਂਦੀ ਹੈ। ਜਮਾਤ ਤੇ ਜਾਤ ਆਪਸ ਵਿੱਚ ਨਹੀਂ ਮਿਲ਼ਦੇ। ਸਿੱਖ ਧਰਮ ਨੇ ਬ੍ਰਾਹਮਣ ਦੀ ਸਰਵਉੱਚਤਾ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਗੁਰਬਾਣੀ ਦਾ ਫੁਰਮਾਨ ਹੈ-
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥2॥
ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹਵਾਲਾ ਦਿੰਦੇ ਹਾਂ ਇਸ ਦਾ ਅਰਥ ਹੈ ਕਿ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਨਾਨਕ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਰੂਹਾਨੀਅਤ ਦਾ ਸੋਮਾ ਹਨ। ਜਿੱਥੇ ਗੁਰੂ ਸਾਹਿਬ ਨੇ ਉਹ ਫਲਸਫਾ ਪ੍ਰਚਾਰਿਆ, ਜੋ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਦਾ ਹੋਕਾ ਦੇ ਕੇ ਸਰਬੱਤ ਦੇ ਭਲੇ ਦੀ ਗੱਲ ਕਰਦਾ ਹੈ, ਓਥੇ ਸਿੱਖ ਵਿਚਾਰਧਾਰਾ, ਬ੍ਰਾਹਮਣੀ ਵੰਡ ਨੂੰ ਪੂਰਨ ਰੂਪ ਵਿੱਚ ਰੱਦ ਕਰਦੀ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਨੂੰ ਐਸੇ ਫ਼ਿਰਕੇ ਦੇ ਤੌਰ ਤੇ ਜਥੇਬੰਦ ਨਹੀਂ ਕੀਤਾ ਜੋ ਸਿਰਫ਼ ਧਰਮ ਦੇ ਪ੍ਰੰਪਰਾਈ ਤੌਰ ਤਰੀਕੇ ਅਨੁਸਾਰ ਚਲਦਾ ਰਹੇ ਬਲਕਿ ਸਿੱਖ ਪੰਥ ਨੂੰ ਜਾਤ ਪਾਤੀ ਸਮਾਜ ਨੂੰ ਬਦਲਣ, ਧਾਰਮਿਕ ਤੇ ਸਿਆਸੀ ਜਬਰ-ਜ਼ੁਲਮ ਦਾ ਮੁਕਾਬਲਾ ਕਰਨ ਅਤੇ ਆਮ ਜਨਤਾ ਦੇ ਹੱਥ ਸਿਆਸੀ ਤਾਕਤ ਹਾਸਲ ਕਰਨ ਦਾ ਵਸੀਲਾ ਬਣਾਇਆ। ਗੁਰੂ ਨਾਨਕ ਸਾਹਿਬ ਨੇ ਉਹਨਾਂ ਲੋਕਾਂ, ਬਰਾਦਰੀਆਂ, ਭਾਈਚਾਰਿਆਂ ਨੂੰ ਹਿੱਕ ਨਾਲ ਲਾਇਆ, ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਨੀਚ ਤੇ ਸ਼ੂਦਰ ਗਰਦਾਨ ਕੇ ਪਸ਼ੂਆਂ ਨਾਲੋਂ ਭੈੜੀ ਜੂਨ ਗੁਜਾਰਨ ਲਈ ਮਜ਼ਬੂਰ ਕੀਤਾ ਹੋਇਆ ਸੀ।
ਸਿੱਖ ਧਰਮ ਦਾ ਨਿਆਰਾਪਣ ਇਹ ਵੀ ਹੈ ਕਿ ਅੱਜ ਤਕ ਜਿੰਨੇ ਵੀ ਧਰਮ ਹੋਏ ਹਨ ਉਹਨਾਂ ਵਿੱਚ ਉਹਨਾਂ ਦੀ ਧਾਰਮਿਕ ਪੁਸਤਕ ਨੂੰ ਰੱਬ ਦਾ ਸਥਾਨ ਨਹੀਂ ਦਿੱਤਾ ਗਿਆ, ਦੁਨੀਆਂ ਵਿੱਚ ਇੱਕੋ-ਇੱਕ ਸਿੱਖ ਧਰਮ ਐਸਾ ਵਿਲੱਖਣ ਧਰਮ ਹੈ ਜਿਸ ਵਿੱਚ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਵੱਲੋਂ ਸੰਪਾਦਿਤ ਕੀਤੇ ਗਏ ਗ੍ਰੰਥ ਨੂੰ ਧੁਰ ਕੀ ਬਾਣੀ ਆਈ' ਕਿਹਾ। 
ਹੁਣ ਅਸੀਂ ਵੇਖਣਾ ਹੈ ਕਿ ਕੀ ਆਰ.ਐੱਸ.ਐੱਸ. ਅਤੇ ਰਾਸ਼ਟਰੀ ਸੰਗਤ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਲੱਗ-ਅਲੱਗ ਕਰ ਕੇ ਸਿੱਖ ਧਰਮ ਦੇ ਨਿਆਰੇਪਣ ਦਾ ਹਿੰਦੂ ਧਰਮ ਵਿੱਚ ਮਿਲਗੋਭਾ ਕਰਨ ਲਈ ਕਿਵੇਂ ਸਾਜ਼ਿਸ਼ਾਂ ਕਰ ਰਹੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤਕ ਸਿੱਖਾਂ ਦੀ ਅੰਦਰੂਨੀ ਤੇ ਬਾਹਰੀ ਵਿਰੋਧਤਾ ਲਗਾਤਾਰ ਚਲਦੀ ਆ ਰਹੀ ਹੈ। ਇਹ ਸਾਰਾ ਘਟਨਾਕ੍ਰਮ ਬਗੈਰ ਕਿਸੇ ਢਿੱਲ ਤੋਂ ਜਾਰੀ ਹੈ। ਕੱਟੜ ਕੇਸਾਧਾਰੀ ਹਿੰਦੂ ਜਮਾਤ, ਰਾਸ਼ਟਰੀ ਸਿੱਖ ਸੰਗਤ ਪ੍ਰਚਾਰ ਕਰ ਰਹੀ ਹੈ ਕਿ ਵੇਦ ਸ਼ਾਸਤਰਾਂ ਪੁਰਾਣ, ਗੀਤਾ ਤੇ ਰਮਾਇਣ ਦਾ ਸਾਰ ਗ੍ਰੰਥ ਸਾਹਿਬ ਵਿੱਚ ਦਰਜ ਹੈ ਇਸ ਲਈ ਇਹ (ਗੁਰੂ ਗ੍ਰੰਥ ਸਾਹਿਬ) ਗੁਰੂ ਨਹੀਂ ਸਗੋਂ ਰਾਸ਼ਟਰੀ ਗ੍ਰੰਥ ਹੈ ਅਤੇ ਭਾਜਪਾ ਦੀ ਸ਼ੁਸ਼ਮਾ ਸਵਰਾਜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਲਾਨ ਕਰਦੇ ਹਨ ਕਿ ਗੀਤਾ ਰਾਸ਼ਟਰੀ ਗ੍ਰੰਥ ਹੈ। ਪਰ ਖ਼ਾਲਸਾ ਪੰਥ (ਸਿੱਖ ਕੌਮ) ਦਸਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਇਹਨਾਂ ਬਚਨਾਂ ਅਨੁਸਾਰ ਕਿ ਸਾਡੀ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਅਰਥਾਤ ਜੋਤਿ ਤੇ ਜੁਗਤਿ ਦੇ ਵਿਧਾਨ ਨੂੰ ਮਾਨਤਾ ਦਿੰਦਾ ਹੈ। ਦੁਖਾਂਤ ਇਹ ਵੀ ਹੈ ਕਿ ਸਿੱਖੀ ਦਾ ਪ੍ਰਚਾਰ ਕਰਨ ਵਾਲ਼ੇ ਬਹੁਤ ਥੋੜ੍ਹੇ ਹਨ ਜਿਹੜੇ ਸਿੱਖ ਸਿਧਾਂਤਾਂ ਦੀ ਸੱਚੀ-ਸੁੱਚੀ ਪਹਿਰੇਦਾਰੀ ਕਰਦੇ ਹਨ ਤੇ ਉਹਨਾਂ ਨੂੰ ਸਮਾਗਮਾਂ ਦੇ ਪ੍ਰਬੰਧਕ ਖੂੰਜੇ ਲਾ ਦਿੰਦੇ ਹਨ। ਬਾਕੀ ਪ੍ਰਚਾਰਕ ਓਹੀ ਕੁਝ ਪ੍ਰਚਾਰਦੇ ਹਨ ਜਿਹੜਾ ਪ੍ਰਚਾਰ ਹਿੰਦੂਤਵ ਦਾ ਪੱਖ ਪੂਰਦਾ ਹੈ। ਅਜਿਹਾ ਪ੍ਰਚਾਰ ਸੁਣ ਕੇ ਜਿਹੜੇ ਸਿੱਖਾਂ ਨੇ ਕਦੇ ਰਮਾਇਣ ਅਤੇ ਮਹਾਂਭਾਰਤ ਦੇ ਗ੍ਰੰਥ ਨਹੀਂ ਪੜ੍ਹੇ, ਉਹਨਾਂ ਨੂੰ ਵੀ ਰਮਾਇਣ ਅਤੇ ਮਹਾਂਭਾਰਤ ਦੀ ਕਥਾ ਚੇਤੇ ਹੋ ਜਾਂਦੀ ਹੈ। ਜਿੱਥੇ ਵੀ ਗੁਰਬਾਣੀ ਵਿੱਚ ਰਾਮ ਚੰਦਰ, ਕ੍ਰਿਸ਼ਨ, ਬ੍ਰਹਮਾ, ਵਿਸ਼ਨੂ, ਸ਼ਿਵ ਤੇ ਹੋਰ ਕਿਸੇ ਦੇਵੀ ਦੇਵਤੇ ਦਾ ਜ਼ਿਕਰ ਆ ਜਾਵੇ ਭਾਵੇਂ ਗੁਰਬਾਣੀ ਵਿੱਚ ਉਸ ਨੂੰ ਰੱਦ ਹੀ ਕੀਤਾ ਹੋਵੇ ਸਾਡੇ ਪ੍ਰਚਾਰਕ ਏਨੇ ਸ਼ਰਧਾਵਾਨ ਹੋ ਕੇ ਉਹਨਾਂ ਹਿੰਦੂ ਨਾਇਕਾਂ ਦੀ ਦਾਸਤਾਨ ਸੁਣਾਉਂਦੇ ਹਨ ਕਿ ਸਾਮ੍ਹਣੇ ਬੈਠੀ ਸਿੱਖ ਸੰਗਤ ਨੂੰ ਉਹਨਾਂ ਹਿੰਦੂ ਨਾਇਕਾਂ ਦੇ ਮੁਰੀਦ ਬਣਾ ਧਰਦੇ ਹਨ।
ਅੰਦਰਲੇ ਹਮਲੇ, ਬਾਹਰਲਿਆਂ ਵਾਲ਼ਿਆਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹਨ। ਭਗਵੇਂਵਾਦੀ ਭੇਖੀ ਸਿੱਖਾਂ ਵੱਲੋਂ ਨਾਗਪੁਰੀਆਂ ਦੀ ਹਦਾਇਤ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤਾਂ/ਬੀੜਾਂ ਲਿਖਵਾਈਆਂ ਜਾ ਰਹੀਆਂ ਹਨ ਤੇ ਗੁਰੂ ਅਰਜਨ ਸਾਹਿਬ ਵੱਲੋਂ ਨਿਰਧਾਰਿਤ ਕੀਤੇ ਸੰਪਾਦਨ ਪ੍ਰਬੰਧ ਨੂੰ ਵਿਗਾੜ ਕੇ ਆਪਣੀ ਮਰਜ਼ੀ ਨਾਲ ਲਗਾਂ-ਮਾਤਰਾਂ ਦੀ ਤਬਦੀਲੀ ਕਰ ਰਹੇ ਹਨ ਅਤੇ ਆਰ.ਐੱਸ.ਐੱਸ. ਤੇ ਰਾਸ਼ਟਰੀ ਸਿੱਖ ਸੰਗਤ ਸਿੱਖ ਧਰਮ ਦਾ ਹਿੰਦੂ ਧਰਮ ਨਾਲ ਮਿਲਗੋਭਾ ਕਰਨ ਲਈ ਕਈ ਘਿਨਾਉਣੇ ਹੱਥਕੰਡੇ ਵਰਤ ਰਹੀ ਹੈ। ਆਰ.ਐੱਸ.ਐੱਸ. ਤੇ ਰਾਸ਼ਟਰੀ ਸਿੱਖ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਚੈਲੰਿਜ ਕਰ ਕੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਲੱਗ-ਅਲੱਗ ਕਰਕੇ ਸਨਾਤਨੀ ਧਰਮ ਦੀ ਰੰਗਤ ਚਾੜ੍ਹ ਕੇ ਪ੍ਰਚਾਰ ਰਹੀਆਂ ਹਨ ਤਾਂ ਕਿ ਸਿੱਖ ਧਰਮ ਦੇ ਨਿਆਰੇਪਣ ਨੂੰ ਖ਼ਤਮ ਕਰ ਕੇ ਸਿੱਖਾਂ ਨੂੰ ਹਿੰਦੂਆਂ ਦਾ ਹੀ ਇੱਕ ਅੰਗ ਸਿੱਧ ਕੀਤਾ ਜਾ ਸਕੇ।
ਸਿੱਖ ਇੱਕ ਵੱਖਰੀ ਕੌਮ ਹੈ ਅਤੇ ਉਹਨਾਂ ਦੀ ਆਪਣੀ ਵੱਖਰੀ ਪਛਾਣ ਹੈ। ਸਿੱਖ ਹਿੰਦੂਆਂ ਨਾਲੋਂ ਸਪਸ਼ਟ ਤੌਰ ਤੇ ਵੱਖਰੇ ਹੀ ਨਹੀਂ, ਬਲਕਿ ਉਹਨਾਂ ਤੋਂ ਸਿਧਾਂਤਕ ਤੌਰ ਤੇ ਬਿਲਕੁਲ ਉਲਟ ਹਨ। ਹਿੰਦੂ ਮੂਰਤੀ ਪੂਜਕ ਹਨ, ਜਾਤ-ਪਾਤ ਵਿੱਚ ਵਿਸ਼ਵਾਸ ਰੱਖਦੇ ਹਨ, ਜਦਕਿ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲ਼ੇ ਜਾਤ-ਪਾਤ ਅਤੇ ਮੂਰਤੀ ਪੂਜਾ ਦੇ ਵਿਰੋਧੀ ਹਨ। ਹਿੰਦੂਆਂ ਵਿੱਚ ਪੂਜਾਰੀਵਾਦ ਅਤੇ ਦੇਹਧਾਰੀ ਗੁਰੂ ਦੀ ਪ੍ਰਥਾ ਹੈ, ਪਰ ਸਿੱਖਾਂ ਵਿੱਚ ਇਸ ਕਿਸਮ ਦੀ ਗੱਲ ਬਿਲਕੁਲ ਵਿਵਰਜਿਤ ਹੈ।
- ਜਥੇਦਾਰ ਮਹਿੰਦਰ ਸਿੰਘ ਯੂ.ਕੇ