ਕੱਚਾ ਵੀਜ਼ਾ, ਪੱਕਾ ਵੀਜ਼ਾ

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਸਮੇਂ ਭਾਜਪਾ ਦੇ ਦਫ਼ਤਰ ਚ ਪ੍ਰਧਾਨ ਦੀ ਕੁਰਸੀ ਪਿੱਛੇ ਮਹਾਰਾਜਾ ਰਣਜੀਤ ਸਿੰਘ ਦੀ ਵੱਡੀ ਤਸਵੀਰ ਲਗਾਈ ਗਈ, ਭਾਵੇਂ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦੇ ਹੋਰ ਨੇਤਾਵਾਂ ਦੀਆਂ ਤਸਵੀਰਾਂ ਵੀ ਸਨ ਪਰ ਉਹ ਛੋਟੇ ਫਰੇਮਾਂ ਚ ਸਨ। ਨਵੇਂ ਪ੍ਰਧਾਨ ਨੇ ਪੰਜਾਬ &lsquoਚ ਭਾਜਪਾ ਦੀ ਸਰਕਾਰ ਆਉਣ &lsquoਤੇ ਬਿਨਾ ਕਿਸੇ ਨਾਲ ਵਿਤਕਰੇ ਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਵਾਅਦਾ ਕੀਤਾ ਤੇ ਪ੍ਰਧਾਨ ਮੰਤਰੀ ਮੋਦੀ ਦਾ ਨਾਅਰਾ ਸਭ ਕਾ ਸਾਥ, ਸਭ ਕਾ ਵਿਕਾਸ&rsquo ਦੇ ਨਾਅਰੇ ਵੀ ਲਾਏ। ਸੋਸ਼ਲ ਮੀਡੀਆ &lsquoਤੇ ਇਸ ਪ੍ਰੋਗਰਾਮ ਦੀ ਵੀਡੀਓ ਦੇਖ ਕੇ ਮੈਨੂੰ ਇਕ ਕਹਾਣੀ ਯਾਦ ਆ ਗਈ।
ਦੋ ਦੋਸਤ ਇਕ ਕਾਰ ਹਾਦਸੇ &lsquoਚ ਮਾਰੇ ਗਏ। ਜਦੋਂ ਉਹ ਧਰਮ ਰਾਜ ਦੇ ਪੇਸ਼ ਹੋਏ ਤਾਂ ਇਕ ਨੂੰ ਸਵਰਗ ਮਿਲਿਆ ਤੇ ਦੂਸਰੇ ਨੂੰ ਨਰਕ। ਸਵਰਗ &lsquoਚ ਰਹਿਣ ਵਾਲਾ ਦੋਸਤ ਕਈ ਦਿਨ ਧਰਮ ਰਾਜ ਦੀਆਂ ਮਿੰਨਤਾਂ ਪਾਉਂਦਾ ਰਿਹਾ ਉਸ ਨੂੰ ਉਹਦੇ ਦੋਸਤ ਨਾਲ ਮਿਲਾਇਆ ਜਾਵੇ। ਧਰਮ ਰਾਜ ਸਿਆਸੀ ਬੰਦਿਆਂ ਵਾਂਗ ਇਕ ਕੰਨੋਂ ਸੁਣਦਾ ਤੇ ਦੂਜੇ ਪਾਸਿਉਂ ਕੱਢ ਦਿੰਦਾ। ਅਖੀਰ ਇਕ ਦਿਨ ਉਸ ਨੇ ਧਰਮ ਰਾਜ ਨੂੰ ਨਿਹੋਰਾ ਮਾਰਿਆ ਤੇ ਕਹਿਣ ਲੱਗਾ, ਮਹਾਰਾਜ ਜੀ, ਹੇਠਾਂ ਮਾਤ-ਲੋਕ &lsquoਚ ਦੇਖੋ ਬਲਾਤਕਾਰੀ ਸਾਧ ਵੀ ਜਦੋਂ ਚਾਹੇ ਪੈਰੋਲ ਲੈ ਲੈਂਦੈ, ਅਸੀਂ ਤਾਂ ਸਵਰਗ ਚ ਬੀਬੇ ਪੁੱਤ ਬਣ ਕੇ ਰਹਿੰਦੇ ਆਂ, ਕਦੀ ਕੋਈ ਕਾਨੂੰਨ ਨਹੀਂ ਤੋੜਿਆ, ਏਨਾ ਕੁ ਤਾਂ ਖਿਆਲ ਕਰੋ ਸਾਡਾ। ਸਿਰਫ਼ ਦੋਸਤ ਨੂੰ ਮਿਲਣ ਦੀ ਇੱਛਾ ਹੈ ਮੇਰੀ ਕੋਈ ਵੱਡੀ ਮੰਗ ਨਹੀਂ।
ਧਰਮ ਰਾਜ ਦਾ ਦਿਲ ਪਸੀਜ ਗਿਆ ਤੇ ਉਸ ਨੂੰ ਚਾਰ ਘੰਟਿਆਂ ਲਈ ਕੱਚਾ ਵੀਜ਼ਾ ਜਾਰੀ ਕਰ ਦਿਤਾ। ਦੋ ਸਿਪਾਹੀ ਜਦ ਉਸ ਨੂੰ ਉੱਥੇ ਲੈ ਕੇ ਗਏ ਤਾਂ ਬਾਹਰਲਾ ਵੱਡਾ ਦਰਵਾਜ਼ਾ ਖੁੱਲ੍ਹਦਿਆਂ ਹੀ ਅੰਦਰੋਂ ਤਰ੍ਹਾਂ ਤਰ੍ਹਾਂ ਦੀਆਂ ਖ਼ੁਸ਼ਬੂਆਂ ਆਈਆਂ। ਅੰਦਰ ਗਏ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਮਾਤ-ਲੋਕ &lsquoਚ ਰਹਿੰਦਿਆਂ ਉਸ ਨੇ ਨਰਕ ਦਾ ਹੋਰ ਹੀ ਰੂਪ ਗਿਆਨੀਆਂ ਧਿਆਨੀਆਂ ਤੋਂ ਸੁਣਿਆਂ ਹੋਇਆ ਸੀ। ਇੱਥੇ ਤਾਂ ਲੋਕ ਪੱਬਾਂ &lsquoਚ ਬੈਠੇ ਦਾਰੂ ਪੀ ਰਹੇ ਸਨ। ਇਕ ਪਾਸੇ ਗਾਣਾ- ਵਜਾਣਾ ਹੋ ਰਿਹਾ ਸੀ, ਭੰਗੜੇ ਪੈ ਰਹੇ ਸਨ। ਮੁਰਗ਼-ਮੁਸੱਲਮ ਭੁੰਨੇ ਜਾ ਰਹੇ ਸਨ। ਸਿਪਾਹੀ ਉਸ ਨੂੰ ਉਸ ਪੱਬ &lsquoਚ ਲੈ ਗਏ ਜਿੱਥੇ ਉਸ ਦਾ ਦੋਸਤ ਬੈਠਾ ਦਾਰੂ ਦੀਆਂ ਚੁਸਕੀਆਂ ਲੈ ਰਿਹਾ ਸੀ। ਦੋਵੇਂ ਦੋਸਤ ਜੱਫੀਆਂ ਪਾ ਪਾ ਕੇ ਮਿਲੇ। ਖ਼ੂਬ ਗੱਲਾਂ ਬਾਤਾਂ ਕੀਤੀਆਂ। ਉਹਦੇ ਦੋਸਤ ਨੇ &lsquoਨਰਕ&rsquo ਦਾ ਟੂਰ ਕਰਵਾਇਆ ਉਸ ਨੂੰ। ਦੋਸਤ ਨੇ ਜਦ ਸਵਰਗ ਦੇ ਜੀਵਨ ਬਾਰੇ ਪੁੱਛਿਆ ਤਾਂ ਉਹ ਬੋਲਿਆ, ਕਿਹੜੇ ਸਵਰਗ ਦੀਆਂ ਗੱਲਾਂ ਪੁੱਛਦੈਂ ਭਰਾਵਾ, ਮੂੰਗੀ ਮਸਰੀ ਦੀ ਦਾਲ ਬਿਨਾਂ ਤੜਕੇ ਦੇ ਬਣਦੀ ਐ ਲੰਗਰ &lsquoਚ ਰੋਜ਼, ਨਾ ਲਸਣ ਨਾ ਗੰਢਾ ਵਿਚ। ਸਵੇਰੇ ਮਾਲ਼ਾ ਫੜਾ ਦਿੰਦੇ ਐ, ਬਸ ਭਗਤੀ ਕਰੀ ਚਲੋ, ਕੀ ਕੀ ਦੱਸਾਂ ਤੈਨੂੰ।
ਪਤਾ ਹੀ ਨਾ ਲੱਗਾ ਚਾਰ ਘੰਟੇ ਕਦੋਂ ਬੀਤ ਗਏ। ਸਿਪਾਹੀਆਂ ਨੇ ਵਾਪਸ ਚਲਣ ਦਾ ਇਸ਼ਾਰਾ ਕੀਤਾ। ਜਿਉਂ ਜਿਉਂ ਵਾਪਸ ਜਾਣ ਦਾ ਸਮਾਂ ਹੋ ਰਿਹਾ ਸੀ ਉਹਦਾ ਦਿਲ ਘਟਦਾ ਜਾਂਦਾ ਸੀ। ਉਸ ਦਾ ਵਾਪਸ ਜਾਣ ਨੂੰ ਜੀਅ ਨਹੀਂ ਸੀ ਕਰਦਾ ਪਰ ਮਜਬੂਰੀ ਸੀ। ਵਾਪਸ ਪਹੁੰਚ ਕੇ ਉਸੇ ਦਿਨ ਤੋਂ ਉਹ ਧਰਮਰਾਜ ਦੇ ਖਹਿੜੇ ਪੈ ਗਿਆ ਕਿ ਉਹ ਇੱਥੇ ਸਵਰਗ ਚ ਨਹੀਂ ਰਹਿਣਾ ਚਾਹੁੰਦਾ ਉਸ ਨੂੰ ਨਰਕ ਦਾ ਪੱਕਾ ਵੀਜ਼ਾ ਦਿਤਾ ਜਾਵੇ ਤਾਂ ਕਿ ਉਹ ਆਪਣੇ ਦੋਸਤ ਕੋਲ ਰਹਿ ਸਕੇ। ਉਸ ਨੂੰ ਬਹੁਤ ਰੋਕਿਆ ਗਿਆ ਪਰ ਉਹ ਨਾ ਮੰਨਿਆਂ। ਕਈ ਮਹੀਨਿਆਂ ਦੇ ਮਿੰਨਤਾਂ ਤਰਲਿਆਂ ਬਾਅਦ ਧਰਮ ਰਾਜ ਨੇ ਉਸ ਦੀ ਅਰਜ਼ੀ ਮੰਨਜ਼ੂਰ ਕਰ ਲਈ ਤੇ ਪੱਕੇ ਵੀਜ਼ੇ ਦੀ ਮੋਹਰ ਲਗਾ ਦਿਤੀ ਤੇ ਸਿਪਾਹੀ ਇਕ ਦਿਨ ਉਸ ਨੂੰ ਨਰਕ ਵਲ ਲੈ ਤੁਰੇ। ਬਾਹਰਲਾ ਵੱਡਾ ਦਰਵਾਜ਼ਾ ਖੁੱਲ੍ਹਦਿਆਂ ਹੀ ਅੰਦਰੋਂ ਚੀਕਾਂ ਆਉਂਦੀਆਂ ਸੁਣੀਆਂ ਤੇ ਬੜਾ ਭੈੜਾ ਜਿਹਾ ਮੁਸ਼ਕ ਆਇਆ ਜਿਵੇਂ ਅੰਦਰ ਮਾਸ ਸੜ ਰਿਹਾ ਹੋਵੇ। ਉਹ ਅਜੇ ਜੱਕੋ-ਤੱਕੀ &lsquoਚ ਹੀ ਸੀ ਅੰਦਰ ਜਾਵੇ ਕਿ ਨਾ, ਸਿਪਾਹੀਆਂ ਨੇ ਉਸ ਨੂੰ ਅੰਦਰ ਖਿੱਚ ਲਿਆ ਤੇ ਬਾਹਰਲਾ ਦਰਵਾਜ਼ਾ ਠੱਕ ਕਰਦਾ ਬੰਦ ਹੋ ਗਿਆ। ਸਿਪਾਹੀਆਂ ਨੇ ਉਸ ਨੂੰ ਜਮਦੂਤਾਂ ਦੇ ਹਵਾਲੇ ਕਰ ਦਿਤਾ। ਉਹ ਚੀਕਾਂ ਮਾਰਨੀਆਂ ਚਾਹੁੰਦਾ ਸੀ ਪਰ ਉਹਦੀ ਆਵਾਜ਼ ਨਹੀਂ ਸੀ ਨਿਕਲ ਰਹੀ। ਹਰ ਪਾਸੇ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ। ਹੋਰ ਅਗਾਂਹ ਹੋਏ ਤਾਂ ਉਸ ਨੂੰ ਜਮਦੂਤ ਦਿਸੇ ਜੋ ਨਰਕ ਵਾਸੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਰਹੇ ਸਨ। ਉਹ ਵਾਪਸ ਭੱਜਣ ਲੱਗਿਆ ਤਾਂ ਜਮਦੂਤਾਂ ਨੇ ਉਸ ਨੂੰ ਬਾਹਾਂ ਤੋਂ ਫੜ ਲਿਆ। ਬਾਹਰਲਾ ਵੱਡਾ ਦਰਵਾਜ਼ਾ ਤਾਂ ਪਹਿਲਾਂ ਹੀ ਬੰਦ ਹੋ ਚੁੱਕਿਆ ਸੀ। ਉਸ ਨੇ ਘਬਰਾਏ ਹੋਏ ਨੇ ਜਮਦੂਤਾਂ ਤੋਂ ਪੁੱਛਿਆ ਕਿ ਜਦੋਂ ਉਹ ਪਿਛਲੀ ਵਾਰੀ ਇੱਥੇ ਆਇਆ ਸੀ ਤਾਂ ਮਾਹੌਲ ਹੋਰ ਸੀ, ਹੁਣ ਇਹ ਕੀ ਮਾਜਰਾ ਹੈ?
ਵੱਡਾ ਜਮਦੂਤ ਮੁਸਕੜੀਏਂ ਹੱਸਿਆ ਤੇ ਕਹਿਣ ਲੱਗਾ, ਉਹ ਸਾਡਾ ਪਬਲੀਸਿਟੀ ਡੀਪਾਰਟਮੈਂਟ ਸੀ।
ਸੋ ਭਾਜਪਾ ਜੀ, ਤੁਸੀਂ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਪਬਲੀਸਿਟੀ ਲਈ ਤਾਂ ਨਹੀਂ ਵਰਤੀ।
ਨਿਰਮਲ ਸਿੰਘ ਕੰਧਾਲਵੀ