ਕਲਾਕਾਰ ਬਨਾਮ ਕਿਰਦਾਰ !

ਤਰਲੋਚਨ ਸਿੰਘ ਦੁਪਾਲ ਪੁਰ

ਸਵਰਗੀ ਸਰਦਾਰ ਜੋਗਿੰਦਰ ਸਿੰਘ ਸੰਪਾਦਕ ਰੋਜ਼ਾਨਾ ਸਪੋਕਸਮੈਨ ਨੇ ਆਪਣੀ ਅਖਬਾਰ ਦੇ 24 ਅਗਸਤ 2008 ਵਾਲ਼ੇ ਅੰਕ ਦੇ ਸਫਾ 6 ਉੱਤੇ ਇੱਕ ਵਿਸ਼ੇਸ਼ ਲੇਖ ਲਿਖਿਆ ਸੀ| ਜਿਸ ਵਿੱਚ ਉਨ੍ਹਾਂ ਸੰਨ 1975 ਵਿੱਚ ਲੱਗੀ ਐਮਰਜੈਂਸੀ ਦੇ ਸਮਿਆਂ ਦੀ ਇਹ ਗੱਲ ਲਿਖੀ-
ਉਨ੍ਹਾਂ ਦਿਨਾਂ ਵਿੱਚ ਪ੍ਰੈੱਸ ਉੱਤੇ ਲੱਗੇ ਸੈਂਸਰ ਕਾਰਨ ਪੰਜਾਬੀ ਦੀਆਂ ਅਖਬਾਰਾਂ,ਉੱਘੇ ਫਿਲਮਸਾਜ਼(ਪੰਜਾਬੀ ਫਿਲਮਾਂ) ਸ੍ਰੀ ਭਾਗ ਸਿੰਘ ਸੈਂਸਰ ਕਰਿਆ ਕਰਦੇ ਸਨ| ਦੋਸਤੀ ਹੋਣ ਸਦਕਾ ਉਨ੍ਹਾਂ ਬਾਰੇ ਉਡੀ ਹੋਈ ਕਿਸੇ ਟੇਢੀ ਜਿਹੀ ਗੱਲ ਦਾ ਸਪਸ਼ਟੀਕਰਨ ਲੈਣ ਲਈ ਮੈਂ ੳਨ੍ਹਾਂ ਨੂੰ ਮਿਲਣ ਗਿਆ| ਮੇਰੀ ਗੱਲ ਸੁਣਕੇ ਭਾਗ ਸਿੰਘ ਹੱਸਦਿਆਂ ਹੋਇਆਂ ਬੋਲੇ-
....ਤੁਸੀਂ ਧਰਮਾਤਮਾਂ ਲੋਕ ਹੋ ਤੇ ਅਸੀਂ ਕਲਾਕਾਰ ਹਾਂ| ਜਦ ਰੱਬ ਨੇ ਸਾਨੂੰ ਬਣਾਇਆ ਸੀ ਤਾਂ ਕੰਨ ਵਿੱਚ ਕਿਹਾ ਸੀ-ਜੋ ਮੰਗਣਾ ਹੈ ਮੰਗ ਲਉ ਕਲਾਕਾਰੋ੩.ਮਾਲਾ ਮਾਲ ਕਰ ਦਿਆਂ ਗਾ| ਪਰ ਇੱਕ ਚੀਜ਼ ਨਾ ਮੰਗਣਾ - ਕਰੈਕਟਰ ਜਾਣੀ ਇਖਲਾਕ! ਕਿਉਂ ਕਿ ਬਹੁਤ ਚੰਗੇ ਇਖਲਾਕ ਵਾਲ਼ਾ ਬੰਦਾ ਬਹੁਤ ਚੰਗਾ ਕਲਾਕਾਰ ਨਹੀਂ ਬਣ ਸਕਦਾ, ਨਾ ਹੀ ਚੰਗੀ ਕਲਾ ਸਿਰਜ ਸਕਦਾ ਹੈ!...ਜਾਉ ਤੁਹਾਨੂੰ ਸਭ ਕੁੱਝ ਦਿੱਤਾ, ਸਿਵਾਏ ਕਰੈਕਟਰ ਦੇ! ਹਾ...ਹਾ...ਹਾ...ਹਾ!!
ਮਿਸਾਲ ਨੰਬਰ ਦੋ-ਪੰਜਾਬ ਦੇ ਗਾਉਣ ਵਾਲਿਆਂ ਅਤੇ ਗਾਉਣ ਵਾਲ਼ੀਆਂ ਬਾਰੇ ਚਿਰੋਕਣਾ ਨਿੱਠ ਕੇ ਲਿਖਣ ਵਾਲ਼ੇ ਗੀਤ-ਸੰਗੀਤਕ ਪਿੜ ਦੇ ਨਾਮਵਰ ਲੇਖਕ ਸ੍ਰੀ ਐੱਸ.ਅਸ਼ੋਕ ਭੌਰਾ ਮੇਰੇ ਚੰਗੇ ਦੋਸਤ ਹਨ| ਪੰਜਾਬ ਤੋਂ ਵੀ ਅਸੀਂ ਇੱਕ ਹੀ ਜਿਲ੍ਹੇ ਨਵਾਂਸ਼ਹਿਰ ਨਾਲ ਸਬੰਧਤ ਹਾਂ ਅਤੇ ਅਮਰੀਕਨ ਸਟੇਟ ਕੈਲੇਫੋਰਨੀਆਂ ਤੋਂ ਵੀ| ਇਸ ਕਰਕੇ ਅਸੀਂ ਅਕਸਰ ਖੁੱਲ੍ਹੀਆਂ ਗੱਲਾਂ ਵੀ ਕਰ ਲਈ ਦੀਆਂ ਹਨ!
ਜਿਵੇਂ ਸਰਦਾਰ ਜਗਿੰਦਰ ਸਿੰਘ,ਭਾਗ ਸਿੰਘ ਬਾਰੇ ਉਡੀ ਟੇਢੀ ਗੱਲ ਦਾ ਸਪਸ਼ਟੀਕਰਨ ਲੈਣ ਗਏ ਸਨ, ਇਵੇਂ ਪਿੱਛੇ ਜਿਹੇ ਇਕ ਪੰਜਾਬੀ ਕਲਾਕਾਰ ਵਲੋਂ ਆਪਣੀ ਪਤਨੀ ਨਾਲ ਵਿਸਾਹਘਾਤ ਕਰਨ ਵਾਲ਼ੀ ਫੈਲੀ ਹੋਈ ਚਰਚਾ ਦਾ ਕੱਚ-ਸੱਚ ਜਾਨਣ ਵਾਸਤੇ ਮੈਂ ਭੌਰਾ ਸਾਹਬ ਨਾਲ ਗੁਫ਼ਤਗੂ ਕਰ ਰਿਹਾ ਸਾਂ|
ਹਾਸੇ ਹਾਸੇ ਵਿੱਚ ਮੈਂ ਭੌਰਾ ਜੀ ਨੂੰ ਇੱਕ ਸੁਝਾਅ ਦਿੱਤਾ ਕਿ ਤੁਸੀਂ ਉਨ੍ਹਾਂ ਗਾਇਕ ਕਲਾਕਾਰਾਂ ਬਾਰੇ ਵੀ ਇੱਕ ਕਿਤਾਬ ਲਿਖੋ ਜਿਨ੍ਹਾਂ ਨੇ ਉਸੇ ਇੱਕ ਪਤੀ ਜਾਂ ਉਸੇ ਇੱਕ ਪਤਨੀ ਨਾਲ ਤੋੜ ਨਿਭਾਈ, ਜਿਹਦੇ ਨਾਲ ਆਪਣੇ ਇਸ਼ਟ ਮੋਹਰੇ ਬਹਿ ਕੇ ਲਾਵਾਂ ਲਈਆਂ ਹੋਈਆਂ ਸਨ|
ਆਪਣੇ ਸੁਭਾਅ ਅਨੁਸਾਰ ਪਹਿਲਾਂ ਭੌਰਾ ਜੀ ਨੇ ਮੇਰੇ ਵੱਲ੍ਹ ਬੜੀ ਗੰਭੀਰ ਨਜ਼ਰ ਸੁੱਟੀ, ਜਿਵੇਂ ਕਿਤੇ ਮੈਂ ਉਨ੍ਹਾਂ ਨੂੰ ਕੋਈ ਬਹੁਤ ਔਖਾ ਸਵਾਲ ਪਾ ਦਿੱਤਾ ਹੋਵੇ! ਪਰ ਫਿਰ ਇੱਕ ਦਮ ਠਹਾਕਾ ਮਾਰ ਕੇ ਉੱਚੀ ਉੱਚੀ ਹੱਸਦਿਆਂ ਕਹਿੰਦੇ-
ਭਰਾ ਜੀ ਕਿਤਾਬ...???? ਹਾ..ਹਾ...ਹਾ...ਹਾ, ਅਜਿਹੇ ਪਤੀ-ਬਰਤਾ ਜਾਂ ਪਤਨੀ-ਬਰਤਾ ਗਾਇਕ-ਕਲਾਕਾਰਾਂ ਬਾਰੇ ਲਿਖਣਾ ਸ਼ੁਰੂ ਕਰਾਂ ਤਾਂ ਬਸ ਇੱਕ-ਦੋ ਸਫਿਆਂ ਵਿੱਚ ਹੀ ਗੱਲ ਮੁੱਕ ਜਾਵੇ ਗੀ!
ਤਰਲੋਚਨ ਸਿੰਘ ਦੁਪਾਲ ਪੁਰ