ਸਾਊਥੈਂਪਟਨ ਹਿੰਸਾ ਮਾਮਲੇ ਵਿੱਚ ਪੰਜ ਹੋਰ ਦੋਸ਼ੀਆਂ ਨੂੰ ਕੈਦ

ਸਾਊਥੈਂਪਟਨ ਹਿੰਸਾ ਮਾਮਲੇ ਵਿੱਚ ਕੈਦ ਦੀ ਸਜ਼ਾ ਪ੍ਰਾਪਤ ਕਰਨ ਵਾਲੇ ਡੈਨੀਅਲ ਫਰੌਸਟ,ਰੀਸ ਰੌਬਿਨਸਨ, ਕੋਨਰ ਬਿਸ਼ਪ,ਅਤੇ ਲਿਓਨ ਓ'ਲੀਰੀ।

 ਲੈਸਟਰ (ਇੰਗਲੈਂਡ), 10 ਜੂਨ (ਸੁਖਜਿੰਦਰ ਸਿੰਘ ਢੱਡੇ)- ਸਾਊਥੈਂਪਟਨ ਵਿੱਚ ਨੌਜਵਾਨ ਹੈਨਰੀ ਨੋਵਾਕ ਦੇ ਕਤਲ ਤੋਂ ਬਾਅਦ ਭੜਕੀ ਹਿੰਸਾ ਅਤੇ ਅਸ਼ਾਂਤੀ ਦੇ ਮਾਮਲੇ ਵਿੱਚ ਸਾਊਥੈਂਪਟਨ ਕਰਾਊਨ ਅਦਾਲਤ ਨੇ ਪੰਜ ਹੋਰ ਦੋਸ਼ੀਆਂ ਨੂੰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਹਨ। ਅਦਾਲਤ ਨੇ ਡੈਨੀਅਲ ਫਰੌਸਟ ਨੂੰ 2 ਸਾਲ 4 ਮਹੀਨੇ, ਰੀਸ ਰੌਬਿਨਸਨ ਨੂੰ 2 ਸਾਲ, ਟੇਲਰ ਗਰੰਡੀ ਨੂੰ ਢਾਈ ਸਾਲ, ਐਂਡਰਿਊ ਸਮਰਹੇਜ਼ ਨੂੰ 3 ਸਾਲ 2 ਮਹੀਨੇ ਅਤੇ ਡਿਲਨ ਕ੍ਰਾਫੋਰਡ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਇਸ ਹਿੰਸਾ ਨੇ ਲੋਕਾਂ ਵਿੱਚ ਡਰ ਅਤੇ ਬੇਚੈਨੀ ਦਾ ਮਾਹੌਲ ਪੈਦਾ ਕੀਤਾ ਅਤੇ ਜਨਤਕ ਸੇਵਾਵਾਂ ਉੱਤੇ ਭਾਰੀ ਬੋਝ ਪਾਇਆ। ਅਦਾਲਤ ਵਿੱਚ ਦੱਸਿਆ ਗਿਆ ਕਿ 2 ਜੂਨ ਨੂੰ ਹੋਈਆਂ ਘਟਨਾਵਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉੱਤੇ ਬੋਤਲਾਂ, ਡੱਬੇ, ਕੂੜਾਦਾਨ ਅਤੇ ਹੋਰ ਵਸਤਾਂ ਸੁੱਟੀਆਂ, ਅੱਗਜ਼ਨੀ ਕੀਤੀ ਅਤੇ ਪੁਲਿਸ ਦੀਆਂ ਕਤਾਰਾਂ ਵੱਲ ਕੂੜਾਦਾਨ ਧੱਕੇ, ਜਿਸ ਕਾਰਨ 12 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਅਤੇ ਕਾਫ਼ੀ ਜਾਇਦਾਦ ਦਾ ਨੁਕਸਾਨ ਹੋਇਆ। ਸੁਣਵਾਈ ਦੌਰਾਨ ਪੇਸ਼ ਕੀਤੀਆਂ ਵੀਡੀਓਜ਼ ਵਿੱਚ ਕੁਝ ਦੋਸ਼ੀਆਂ ਨੂੰ ਲੱਕੜ ਦੇ ਟੁਕੜੇ, ਧਾਤੂ ਕੁਰਸੀਆਂ ਅਤੇ ਹੋਰ ਵਸਤਾਂ ਪੁਲਿਸ ਵੱਲ ਸੁੱਟਦੇ ਹੋਏ ਦੇਖਿਆ ਗਿਆ। ਜੱਜ ਵਿਲੀਅਮ ਮੌਸਲੇ ਨੇ ਕਿਹਾ ਕਿ ਅਜਿਹੀ ਹਿੰਸਾ ਨੂੰ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਅਤੇ ਇਸ ਨਾਲ ਪੁਲਿਸ ਤੇ ਸਰਕਾਰੀ ਖ਼ਜ਼ਾਨੇ ਉੱਤੇ ਲੱਖਾਂ ਪੌਂਡ ਦਾ ਵਾਧੂ ਬੋਝ ਪਿਆ ਹੈ। ਅਦਾਲਤ ਵਿੱਚ ਕੁਝ ਦੋਸ਼ੀਆਂ ਨੇ ਆਪਣੇ ਕੀਤੇ ਉੱਤੇ ਪਛਤਾਵਾ ਵੀ ਪ੍ਰਗਟਾਇਆ, ਜਦਕਿ ਸਜ਼ਾ ਸੁਣਾਏ ਜਾਣ ਸਮੇਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਭਾਵੁਕ ਹੋ ਗਏ। ਇਹ ਹਿੰਸਾ ਉਸ ਵੇਲੇ ਭੜਕੀ ਸੀ ਜਦੋਂ ਹੈਨਰੀ ਨੋਵਾਕ ਦੀ ਹੱਤਿਆ ਨਾਲ ਸਬੰਧਤ ਪੁਲਿਸ ਬਾਡੀ ਕੈਮਰੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿੱਚ ਰੋਸ ਫੈਲ ਗਿਆ ਸੀ। ਇਸੇ ਮਾਮਲੇ ਵਿੱਚ ਇਕ ਹੋਰ ਦੋਸ਼ੀ ਕੇਵਿਨ ਰੀਵਜ਼ ਦੋਸ਼ ਕਬੂਲ ਕਰ ਚੁੱਕਾ ਹੈ, ਜਿਸ ਨੂੰ 30 ਜੂਨ ਨੂੰ ਸਜ਼ਾ ਸੁਣਾਈ ਜਾਵੇਗੀ, ਜਦਕਿ ਇਸ ਤੋਂ ਪਹਿਲਾਂ ਦੋ ਹੋਰ ਵਿਅਕਤੀਆਂ ਨੂੰ ਵੀ ਇਸੇ ਮਾਮਲੇ ਵਿੱਚ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ। ਉੱਧਰ, ਹੈਨਰੀ ਨੋਵਾਕ ਦੇ ਪਰਿਵਾਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਨੂੰ ਨਫ਼ਰਤ ਜਾਂ ਵੰਡ ਫੈਲਾਉਣ ਲਈ ਵਰਤਿਆ ਨਹੀਂ ਜਾਣਾ ਚਾਹੀਦਾ।