ਬੱਚੀ ਦੇ ਕਾਤਲ ਦੀ ਜੇਲ੍ਹ ਅੰਦਰ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਦੀ ਸੁਣਵਾਈ ਸ਼ੁਰੂ

 ਲੈਸਟਰ (ਇੰਗਲੈਂਡ), 10 ਜੂਨ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੀ ਉੱਚ ਸੁਰੱਖਿਆ ਵਾਲੀ ਵੇਕਫੀਲਡ ਜੇਲ੍ਹ ਵਿੱਚ ਦੋ ਸਾਲਾ ਬੱਚੀ ਲੋਲਾ ਜੇਮਜ਼ ਦੇ ਕਾਤਲ ਕਾਇਲ ਬੇਵਨ ਦੀ ਹੱਤਿਆ ਦੇ ਮਾਮਲੇ ਦੀ ਸੁਣਵਾਈ ਲੀਡਜ਼ ਕਰਾਊਨ ਅਦਾਲਤ ਵਿੱਚ ਸ਼ੁਰੂ ਹੋ ਗਈ ਹੈ। ਅਦਾਲਤ ਨੂੰ ਦੱਸਿਆ ਗਿਆ ਕਿ 33 ਸਾਲਾ ਬੇਵਨ ਉੱਤੇ ਜੇਲ੍ਹ ਦੀ ਕੋਠੜੀ ਅੰਦਰ ਸਿਰਫ਼ ਚਾਰ ਮਿੰਟ 39 ਸਕਿੰਟ ਦੌਰਾਨ 25 ਵਾਰ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੇ ਦਿਲ ਅਤੇ ਮੁੱਖ ਖੂਨ ਦੀਆਂ ਨਾੜੀਆਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਅਤੇ ਉਸ ਦੀ ਮੌਕੇ &rsquoਤੇ ਹੀ ਮੌਤ ਹੋ ਗਈ। ਸਰਕਾਰੀ ਵਕੀਲ ਨੇ ਜਿਊਰੀ ਨੂੰ ਦੱਸਿਆ ਕਿ ਬੇਵਨ ਦੇ ਕੋਠੜੀ ਵਿੱਚ ਦਾਖ਼ਲ ਹੋਣ ਮਗਰੋਂ ਤਿੰਨ ਕੈਦੀ ਲੀ ਨਿਊਵੈਲ, ਮਾਰਕ ਫੈਲੋਜ਼ ਅਤੇ ਡੇਵਿਡ ਟੇਲਰ ਵੀ ਉਸ ਦੇ ਪਿੱਛੇ ਅੰਦਰ ਗਏ ਅਤੇ ਕੁਝ ਮਿੰਟਾਂ ਬਾਅਦ ਬਾਹਰ ਨਿਕਲ ਆਏ। ਮੁਕੱਦਮੇ ਦੌਰਾਨ ਕਿਹਾ ਗਿਆ ਕਿ ਹਮਲੇ ਤੋਂ ਬਾਅਦ ਬੇਵਨ ਨੂੰ ਮੰਜੇ ਉੱਤੇ ਇਸ ਤਰ੍ਹਾਂ ਲਿਟਾ ਦਿੱਤਾ ਗਿਆ ਜਿਵੇਂ ਉਹ ਸੁੱਤਾ ਹੋਵੇ ਅਤੇ ਉਹ ਰਾਤ ਭਰ ਖੂਨ ਵਗਣ ਕਾਰਨ ਮਰ ਗਿਆ। ਉਸ ਦੀ ਲਾਸ਼ ਅਗਲੇ ਦਿਨ ਸਵੇਰੇ ਜੇਲ੍ਹ ਦੀ ਗਿਣਤੀ ਦੌਰਾਨ ਮਿਲੀ। ਜਾਂਚ ਦੌਰਾਨ ਇੱਕ ਮੁੜਿਆ ਹੋਇਆ ਧਾਤ ਦਾ ਟੁਕੜਾ ਵੀ ਬਰਾਮਦ ਹੋਇਆ ਜਿਸ ਉੱਤੇ ਬੇਵਨ ਦਾ ਖੂਨ ਮਿਲਿਆ ਅਤੇ ਜਿਸ ਨੂੰ ਕਥਿਤ ਹਥਿਆਰ ਮੰਨਿਆ ਜਾ ਰਿਹਾ ਹੈ। ਬੇਵਨ ਨੂੰ ਸਾਲ 2023 ਵਿੱਚ ਆਪਣੀ ਸਾਥਣ ਦੀ ਦੋ ਸਾਲਾ ਧੀ ਲੋਲਾ ਜੇਮਜ਼ ਦੇ ਕਤਲ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਬੱਚੀ ਦੇ ਸਰੀਰ &rsquoਤੇ 101 ਸੱਟਾਂ ਦੇ ਨਿਸ਼ਾਨ ਮਿਲੇ ਸਨ ਅਤੇ ਡਾਕਟਰਾਂ ਨੇ ਉਸ ਦੀਆਂ ਸੱਟਾਂ ਦੀ ਤੁਲਨਾ ਇੱਕ ਭਿਆਨਕ ਸੜਕ ਹਾਦਸੇ ਨਾਲ ਕੀਤੀ ਸੀ। ਅਦਾਲਤ ਵਿੱਚ ਇਹ ਵੀ ਦੱਸਿਆ ਗਿਆ ਕਿ ਵੇਕਫੀਲਡ ਜੇਲ੍ਹ ਵਿੱਚ ਬੱਚਿਆਂ ਵਿਰੁੱਧ ਅਪਰਾਧ ਕਰਨ ਵਾਲੇ ਕੈਦੀਆਂ ਅਤੇ ਹੋਰ ਕੈਦੀਆਂ ਵਿਚਕਾਰ ਲੰਮੇ ਸਮੇਂ ਤੋਂ ਤਣਾਅ ਮੌਜੂਦ ਸੀ। ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨੇ ਕੈਦੀਆਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਮਾਮਲੇ ਦੀ ਸੁਣਵਾਈ ਜਾਰੀ ਹੈ।