ਕੈਨੇਡਾ ਵਿੱਚ ਰਹਿੰਦੇ ਭਾਰਤੀਆਂ ਨੂੰ ਠੱਗੀ ਭਰੀਆਂ ਕਾਲਾਂ ਤੋਂ ਸਾਵਧਾਨ ਰਹਿਣ ਦੀ ਅਪੀਲ

ਭਾਰਤੀ ਦੂਤਾਵਾਸ ਦਫ਼ਤਰ ਨੇ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਦਿੱਤੀ ਸਲਾਹ

ਵਿੰਨੀਪੈੱਗ: ਕੈਨੇਡਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਤੋਂ ਬਚਾਉਣ ਲਈ ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਦਫ਼ਤਰ ਨੇ ਵਿਸ਼ੇਸ਼ ਸਲਾਹ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਕੁਝ ਸ਼ਰਾਰਤੀ ਤੱਤ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਦੱਸ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਨਿੱਜੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੂਤਾਵਾਸ ਦਫ਼ਤਰ ਮੁਤਾਬਕ ਅਜਿਹੇ ਮਾਮਲਿਆਂ ਵਿੱਚ ਲੋਕਾਂ ਨੂੰ ਨਾਗਰਿਕਤਾ, ਰਹਾਇਸ਼ੀ ਦਰਜੇ, ਯਾਤਰਾ ਦਸਤਾਵੇਜ਼ਾਂ ਅਤੇ ਰੁਜ਼ਗਾਰ ਨਾਲ ਜੁੜੇ ਮਸਲਿਆਂ ਦਾ ਹਵਾਲਾ ਦੇ ਕੇ ਗੁੰਮਰਾਹ ਕੀਤਾ ਜਾਂਦਾ ਹੈ। ਕਈ ਵਾਰ ਡਰ ਜਾਂ ਦਬਾਅ ਪੈਦਾ ਕਰਕੇ ਧਨ ਦੀ ਮੰਗ ਵੀ ਕੀਤੀ ਜਾਂਦੀ ਹੈ।

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਦਫ਼ਤਰ ਕਿਸੇ ਵੀ ਵਿਅਕਤੀ ਤੋਂ ਟੈਲੀਫ਼ੋਨ ਰਾਹੀਂ ਬੈਂਕ ਖਾਤਿਆਂ, ਪਛਾਣ ਦਸਤਾਵੇਜ਼ਾਂ ਜਾਂ ਹੋਰ ਗੁਪਤ ਜਾਣਕਾਰੀ ਦੀ ਮੰਗ ਨਹੀਂ ਕਰਦੇ। ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ੱਕੀ ਸੰਪਰਕ ਹੋਣ ਦੀ ਸੂਰਤ ਵਿੱਚ ਤੁਰੰਤ ਸਾਵਧਾਨੀ ਵਰਤਣ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਨਾ ਕਰਨ।

ਦੂਤਾਵਾਸ ਦਫ਼ਤਰ ਨੇ ਇਹ ਵੀ ਦੱਸਿਆ ਕਿ ਅਰਜ਼ੀਆਂ ਜਾਂ ਹੋਰ ਸਰਕਾਰੀ ਕਾਰਵਾਈਆਂ ਨਾਲ ਸੰਬੰਧਿਤ ਲੋੜੀਂਦਾ ਸੰਚਾਰ ਸਿਰਫ਼ ਅਧਿਕਾਰਕ ਈ-ਮੇਲ ਰਾਹੀਂ ਹੀ ਕੀਤਾ ਜਾਂਦਾ ਹੈ। ਅਜਿਹੇ ਸੁਨੇਹਿਆਂ ਵਿੱਚ ਸੰਬੰਧਿਤ ਅਧਿਕਾਰੀ ਅਤੇ ਅਰਜ਼ੀ ਦੇ ਵੇਰਵੇ ਸਪੱਸ਼ਟ ਤੌਰ &rsquoਤੇ ਦਰਜ ਹੁੰਦੇ ਹਨ।

ਭਾਰਤੀ ਭਾਈਚਾਰੇ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਸ਼ੱਕੀ ਕਾਲ ਜਾਂ ਸੁਨੇਹੇ ਦੀ ਸੂਚਨਾ ਸੰਬੰਧਿਤ ਅਧਿਕਾਰੀਆਂ ਨੂੰ ਦੇਣ ਅਤੇ ਠੱਗੀ ਦੇ ਜਾਲ ਵਿੱਚ ਫਸਣ ਤੋਂ ਬਚਣ ਲਈ ਪੂਰੀ ਸਾਵਧਾਨੀ ਵਰਤਣ।