ਕਿੱਕੀ ਢਿੱਲੋਂ ਅਤੇ ਰਮਨ ਅਰੋੜਾ ਦੂਜੀ ਵਾਰ ਈ.ਡੀ. ਅੱਗੇ ਪੇਸ਼

ਦੋ ਪ੍ਰਮੁੱਖ ਸਿਆਸੀ ਆਗੂ ਆਮ ਆਦਮੀ ਪਾਰਟੀ ਦੇ ਜਲੰਧਰ (ਸੈਂਟਰਲ) ਤੋਂ ਵਿਧਾਇਕ ਰਮਨ ਅਰੋੜਾ ਅਤੇ ਫਰੀਦਕੋਟ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ (ਕਿੱਕੀ ਢਿੱਲੋਂ), ਅੱਜ ਦੂਜੀ ਵਾਰ ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਦਫ਼ਤਰ ਵਿੱਚ ਪੇਸ਼ ਹੋਏ। ਦੋਵੇਂ ਆਗੂਆਂ ਤੋਂ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੀ ਕਥਿਤ ਉਲੰਘਣਾ ਦੇ ਮਾਮਲਿਆਂ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਦੋਵੇਂ ਆਗੂ ਪਿਛਲੇ ਹਫ਼ਤੇ ਵੀ ਈ.ਡੀ. ਸਾਹਮਣੇ ਪੇਸ਼ ਹੋਏ ਸਨ। ਅੱਜ ਦੋਵਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਦਾਂ, ਵਿੱਤੀ ਲੈਣ-ਦੇਣ ਅਤੇ ਬੈਂਕ ਖਾਤਿਆਂ ਦੇ ਵੇਰਵਿਆਂ ਨਾਲ ਸਬੰਧਤ ਹੋਰ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਸੀ। ਪਿਛਲੀ ਪੇਸ਼ੀ ਦੌਰਾਨ ਇਨਕਮ ਟੈਕਸ ਰਿਟਰਨਾਂ ਅਤੇ ਹੋਰ ਵੇਰਵਿਆਂ ਦੀਆਂ ਫਾਈਲਾਂ ਜਮ੍ਹਾਂ ਕਰਵਾਉਣ ਤੋਂ ਬਾਅਦ, ਦੋਵੇਂ ਆਗੂ ਅੱਜ ਆਪਣੇ ਨਾਲ ਹੋਰ ਲੋੜੀਂਦੇ ਦਸਤਾਵੇਜ਼ ਲੈ ਕੇ ਪਹੁੰਚੇ ਸਨ।
ਜਿੱਥੇ ਵਿਧਾਇਕ ਰਮਨ ਅਰੋੜਾ ਪਿਛਲੀ ਵਾਰ 2 ਜੂਨ ਨੂੰ ਪੇਸ਼ ਹੋਏ ਸਨ, ਉੱਥੇ ਹੀ ਕਿੱਕੀ ਢਿੱਲੋਂ ਨੂੰ ਇਸ ਤੋਂ ਪਹਿਲਾਂ 3 ਜੂਨ ਨੂੰ ਤਲਬ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਆਗੂਆਂ ਤੋਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਦਰਜ ਕੀਤੇ ਗਏ ਵੱਖ-ਵੱਖ ਮਾਮਲਿਆਂ ਦੇ ਅਧਾਰ 'ਤੇ ਈ.ਡੀ. ਵੱਲੋਂ ਜਾਂਚ ਕੀਤੀ ਜਾ ਰਹੀ ਹੈ।