ਵਪਾਰਕ ਸਮਝੌਤਾ ਹੋਣ ਤੱਕ ਅਮਰੀਕੀ ਸ਼ਰਾਬ ਐਲਸੀਬੀਓ ਸਟੋਰਾਂ ਵਿੱਚ ਨਹੀਂ ਆਵੇਗੀ: ਡੱਗ ਫੋਰਡ
_11Jun26073708AM.jfif)
ਵਾਸ਼ਿੰਗਟਨ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਵਪਾਰਕ ਵਿਵਾਦ ਦਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਅਮਰੀਕੀ ਸ਼ਰਾਬ ਨੂੰ ਓਨਟਾਰੀਓ ਦੇ ਐਲਸੀਬੀਓ ਸਟੋਰਾਂ ਦੀਆਂ ਸ਼ੈਲਫ਼ਾਂ 'ਤੇ ਵਾਪਸ ਨਹੀਂ ਰੱਖਿਆ ਜਾਵੇਗਾ। ਵਾਸ਼ਿੰਗਟਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਇੱਕ ਵਪਾਰਕ ਸਮਝੌਤਾ ਹੁੰਦਾ ਦੇਖਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਮਝੌਤਾ ਹੋਵੇਗਾ, ਅਮਰੀਕੀ ਸ਼ਰਾਬ ਮੁੜ ਓਨਟਾਰੀਓ ਵਿੱਚ ਵਿੱਕਰੀ ਲਈ ਉਪਲਬਧ ਕਰਵਾ ਦਿੱਤੀ ਜਾਵੇਗੀ। ਫੋਰਡ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਸਮਝੌਤਾ ਹੋਣ ਤੋਂ ਬਾਅਦ "ਸਭ ਕੁਝ ਠੀਕ ਹੋ ਜਾਵੇਗਾ" ਅਤੇ ਸ਼ਾਇਦ ਲੋਕ ਕੈਂਟਕੀ ਬਰਬਨ ਦਾ ਜਾਮ ਵੀ ਇਕੱਠੇ ਚੁੱਕਣ। ਯਾਦ ਰਹੇ ਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸ਼ੁਰੂ ਕੀਤੇ ਗਏ ਵਪਾਰਕ ਟਕਰਾਅ ਦੇ ਜਵਾਬ ਵਿੱਚ ਓਨਟਾਰੀਓ ਸਰਕਾਰ ਨੇ ਪਿਛਲੇ ਸਾਲ ਹਜ਼ਾਰਾਂ ਅਮਰੀਕੀ ਸ਼ਰਾਬ ਦੀਆਂ ਬੋਤਲਾਂ ਐਲਸੀਬੀਓ ਸਟੋਰਾਂ ਤੋਂ ਹਟਾ ਦਿੱਤੀਆਂ ਸਨ। ਅਮਰੀਕਾ ਦੇ ਦੌਰੇ ਉੱਤੇ ਗਏ ਫੋਰਡ ਨੇ ਕਿਹਾ ਕਿ ਉਨ੍ਹਾਂ ਦੀ ਅਜੇ ਤੱਕ ਅਮਰੀਕੀ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਨਾਲ ਮੁਲਾਕਾਤ ਨਹੀਂ ਹੋਈ, ਹਾਲਾਂਕਿ ਉਨ੍ਹਾਂ ਨੇ ਅਮਰੀਕੀ ਸੈਨੇਟਰ ਕੈਵਿਨ ਕਰੈਮਰ ਸਮੇਤ ਕੁਝ ਨੀਤੀ ਨਿਰਧਾਰਕਾਂ ਨਾਲ ਚਰਚਾ ਕੀਤੀ ਹੈ।ਫੋਰਡ ਨੇ ਇਸ ਮੌਕੇ 'ਤੇ ਬਿਲੀ ਬਿਸ਼ਪ ਏਅਰਪੋਰਟ ਦੇ ਵਿਸਥਾਰ ਦੀ ਯੋਜਨਾ ਦਾ ਵੀ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਵਧਦੀ ਆਬਾਦੀ ਵਾਲੇ ਟੋਰਾਂਟੋ ਨੂੰ ਸ਼ਹਿਰ ਦੇ ਕੇਂਦਰ ਵਿੱਚ ਇੱਕ ਹੋਰ ਵੱਡੇ ਅਤੇ ਆਧੁਨਿਕ ਹਵਾਈ ਅੱਡੇ ਦੀ ਲੋੜ ਹੈ, ਤਾਂ ਜੋ ਲੋਕਾਂ ਨੂੰ ਦੂਰ ਸਥਿਤ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੱਕ ਨਾ ਜਾਣਾ ਪਵੇ। ਫੋਰਡ ਦਾ ਮੰਨਣਾ ਹੈ ਕਿ ਜ਼ਿਆਦਾਤਰ ਨਾਗਰਿਕ ਡਾਊਨਟਾਊਨ ਹਵਾਈ ਅੱਡੇ ਦੇ ਵਿਸਥਾਰ ਦਾ ਸਮਰਥਨ ਕਰਨਗੇ, ਕਿਉਂਕਿ ਇਹ ਯਾਤਰੀਆਂ ਲਈ ਵਧੇਰੇ ਸੁਵਿਧਾਜਨਕ ਸਾਬਤ ਹੋ ਸਕਦਾ ਹੈ।