ਡਿਊਟੀ ਦੌਰਾਨ ਹਾਦਸੇ ਦੀ ਸ਼ਿਕਾਰ ਹੋਈ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ

 ਲੈਸਟਰ, 11 ਜੂਨ (ਸੁਖਜਿੰਦਰ ਸਿੰਘ ਢੱਡੇ)-    ਇੰਗਲੈਂਡ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਥਿਤ ਨੌਰਥੰਬਰੀਆ ਪੁਲਿਸ ਦੀ 19 ਸਾਲਾ ਮਹਿਲਾ ਪੁਲਿਸ ਮੁਲਾਜ਼ਮ ਜੈੱਸ ਟਰਨਬੁੱਲ ਦੀ ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਲੱਗੀਆਂ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੁਲਿਸ ਮਹਿਕਮੇ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਪੁਲਿਸ ਅਨੁਸਾਰ ਜੈੱਸ ਟਰਨਬੁੱਲ ਸੋਮਵਾਰ ਰਾਤ ਕ੍ਰੈਮਲਿੰਗਟਨ ਦੇ ਏ-189 ਸਪਾਈਨ ਰੋਡ 'ਤੇ ਵਾਪਰੇ ਇੱਕ ਸੜਕ ਹਾਦਸੇ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪੁੱਜੀ ਸੀ। ਇਸ ਦੌਰਾਨ ਇੱਕ ਕਾਲੀ ਮਰਸਡੀਜ਼ ਕਾਰ ਨੇ ਪੁਲਿਸ ਦੀ ਨਿਸ਼ਾਨਜ਼ਦਾ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਹਸਪਤਾਲ ਵਿੱਚ ਇਲਾਜ ਦੌਰਾਨ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।
ਨੌਰਥੰਬਰੀਆ ਪੁਲਿਸ ਦੀ ਮੁੱਖ ਕਾਂਸਟੇਬਲ ਵੈਨੇਸਾ ਜਾਰਡਿਨ ਨੇ ਜੈੱਸ ਟਰਨਬੁੱਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਮਿਹਨਤੀ, ਸਮਰਪਿਤ ਅਤੇ ਫਰਜ਼ ਪ੍ਰਤੀ ਵਚਨਬੱਧ ਪੁਲਿਸ ਮੁਲਾਜ਼ਮ ਸੀ। ਉਨ੍ਹਾਂ ਕਿਹਾ ਕਿ ਜੈੱਸ ਦੇ ਸਾਹਮਣੇ ਪੂਰੀ ਜ਼ਿੰਦਗੀ ਅਤੇ ਸ਼ਾਨਦਾਰ ਕਰੀਅਰ ਪਿਆ ਸੀ ਪਰ ਉਸ ਦੀ ਅਚਾਨਕ ਮੌਤ ਨੇ ਸਭ ਨੂੰ ਗਹਿਰਾ ਸਦਮਾ ਦਿੱਤਾ ਹੈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ 73 ਸਾਲਾ ਵਿਅਕਤੀ ਨੂੰ ਖ਼ਤਰਨਾਕ ਡਰਾਈਵਿੰਗ ਕਰਕੇ ਮੌਤ ਦਾ ਕਾਰਨ ਬਣਨ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਜੈੱਸ ਟਰਨਬੁੱਲ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਨੌਰਥੰਬਰੀਆ ਪੁਲਿਸ ਵਿੱਚ ਭਰਤੀ ਹੋਈ ਸੀ। ਉਸ ਦੀ ਮੌਤ ਨੂੰ ਪੁਲਿਸ ਮਹਿਕਮੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਜਾ ਰਿਹਾ ਹੈ।