ਬਰਤਾਨੀਆ ਦੇ ਰੱਖਿਆ ਮੰਤਰੀ ਵੱਲੋਂ ਅਸਤੀਫ਼ਾ

  ਲੈਸਟਰ (ਇੰਗਲੈਂਡ), 11 ਜੂਨ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੇ ਰੱਖਿਆ ਮੰਤਰੀ ਜੌਨ ਹੀਲੀ ਨੇ ਰੱਖਿਆ ਖਰਚ ਯੋਜਨਾਵਾਂ ਨਾਲ ਅਸਹਿਮਤੀ ਜਤਾਉਂਦਿਆਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੀਲੀ ਨੇ ਆਪਣੇ ਅਸਤੀਫ਼ਾ ਪੱਤਰ ਵਿੱਚ ਕਿਹਾ ਕਿ ਰੱਖਿਆ ਨਿਵੇਸ਼ ਯੋਜਨਾ ਲਈ ਦਿੱਤੀ ਗਈ ਵਿੱਤੀ ਵਿਵਸਥਾ ਦੇਸ਼ ਅਤੇ ਫੌਜ ਦੀ ਮੌਜੂਦਾ ਲੋੜਾਂ ਤੋਂ ਕਾਫ਼ੀ ਘੱਟ ਹੈ।

ਹੀਲੀ ਨੇ ਕਿਹਾ ਕਿ ਖ਼ਤਰਨਾਕ ਵਿਸ਼ਵ ਪੱਧਰੀ ਹਾਲਾਤਾਂ ਵਿੱਚ ਬਰਤਾਨਵੀ ਫੌਜ ਨੂੰ ਲੋੜੀਂਦੇ ਸਰੋਤ ਨਾ ਦੇਣ ਨਾਲ ਫੌਜੀ ਤਿਆਰੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਓਪਰੇਸ਼ਨਾਂ 'ਤੇ ਤੈਨਾਤ ਕਰਮਚਾਰੀਆਂ ਲਈ ਖ਼ਤਰਾ ਵੱਧ ਸਕਦਾ ਹੈ। ਉਨ੍ਹਾਂ ਮੁਤਾਬਕ ਪੂਰੀ ਵਿੱਤੀ ਪੇਸ਼ਕਸ਼ ਉਨ੍ਹਾਂ ਨੂੰ ਇਸ ਹਫ਼ਤੇ ਸੋਮਵਾਰ ਦੁਪਹਿਰ ਪਹਿਲੀ ਵਾਰ ਦਿੱਤੀ ਗਈ ਸੀ।
ਰਿਪੋਰਟਾਂ ਅਨੁਸਾਰ ਹੀਲੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਸੀ ਕਿ ਰੱਖਿਆ ਖਰਚ ਵਿੱਚ 0.08 ਫ਼ੀਸਦੀ ਦਾ ਵਾਧਾ ਕਾਫ਼ੀ ਨਹੀਂ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਰੱਖਿਆ ਮੰਤਰਾਲੇ ਲਈ ਵਧੇਰੇ ਫੰਡਾਂ ਦੀ ਮੰਗ ਕਰ ਰਹੇ ਸਨ, ਤਾਂ ਜੋ ਬਰਤਾਨੀਆ ਦੀਆਂ ਫੌਜੀ ਲੋੜਾਂ ਅਤੇ ਨਾਟੋ ਵਚਨਬੱਧਤਾਵਾਂ ਨੂੰ ਪੂਰਾ ਕੀਤਾ ਜਾ ਸਕੇ।
ਹੀਲੀ ਦਾ ਅਸਤੀਫ਼ਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਵਿੱਚ ਸਟਾਰਮਰ ਸਰਕਾਰ ਤੋਂ ਅਸਤੀਫ਼ਾ ਦੇਣ ਵਾਲੇ ਉਹ ਛੇਵੇਂ ਮੰਤਰੀ ਹਨ। ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਸਰਕਾਰ ਦੀ ਰੱਖਿਆ ਨੀਤੀ ਅਤੇ ਸਟਾਰਮਰ ਦੀ ਅਗਵਾਈ 'ਤੇ ਗੰਭੀਰ ਸਵਾਲ ਕਰਾਰ ਦਿੱਤਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਵੱਲੋਂ ਹੀ ਰੱਖਿਆ ਖਰਚ ਯੋਜਨਾ ਨੂੰ ਨਾਕਾਫ਼ੀ ਦੱਸ ਕੇ ਅਸਤੀਫ਼ਾ ਦੇਣਾ ਸਰਕਾਰ ਲਈ ਗੰਭੀਰ ਸੰਕਟ ਪੈਦਾ ਕਰ ਸਕਦਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਹੋਰ ਮੰਤਰੀਆਂ ਨੂੰ ਆਪਣੇ ਅਹੁਦਿਆਂ 'ਤੇ ਕਾਇਮ ਰਹਿਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਮੰਤਰਾਲੇ ਦੇ ਕੰਮਕਾਜ ਵਿੱਚ ਰੁਕਾਵਟ ਨਾ ਆਵੇ।