2027 ਚੋਣਾਂ ਦੀ ਤਿਆਰੀ ਤੇਜ਼: ਭਾਜਪਾ ਹਾਈਕਮਾਂਡ ਨੇ ਪੰਜਾਬ ਲੀਡਰਸ਼ਿਪ ਨੂੰ ਦਿੱਲੀ ਸੱਦਿਆ

 ਨਵੀਂ ਦਿੱਲੀ/ਚੰਡੀਗੜ੍ਹ, - ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਬੈਠਕ ਨਵੀਂ ਦਿੱਲੀ ਵਿੱਚ ਬੁਲਾਈ ਹੈ। ਸੂਤਰਾਂ ਅਨੁਸਾਰ, ਇਹ ਮੀਟਿੰਗ ਸ਼ੁੱਕਰਵਾਰ ਸ਼ਾਮ ਨੂੰ ਹੋਣੀ ਹੈ, ਜਿਸ ਵਿੱਚ ਪੰਜਾਬ ਭਾਜਪਾ ਦੇ ਮੌਜੂਦਾ ਅਤੇ ਸਾਬਕਾ ਸੂਬਾ ਅਹੁਦੇਦਾਰ ਹਿੱਸਾ ਲੈਣਗੇ।
ਜਾਣਕਾਰੀ ਮੁਤਾਬਕ, ਪਾਰਟੀ ਦੇ ਕੌਮੀ ਸੰਗਠਨ ਨਾਲ ਜੁੜੇ ਸੀਨੀਅਰ ਆਗੂ ਬੀ. ਐੱਲ. ਸੰਤੋਸ਼ ਦੀ ਅਗਵਾਈ ਹੇਠ ਹੋਣ ਵਾਲੀ ਇਸ ਬੈਠਕ ਵਿੱਚ ਪੰਜਾਬ ਦੀ ਸਿਆਸੀ ਸਥਿਤੀ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ 'ਤੇ ਵਿਸਥਾਰ ਨਾਲ ਚਰਚਾ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਪੰਜਾਬ ਭਾਜਪਾ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਅਤੇ ਪਾਰਟੀ ਦੇ ਭਵਿੱਖੀ ਪ੍ਰੋਗਰਾਮਾਂ ਬਾਰੇ ਵੀ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।
ਮੀਟਿੰਗ ਵਿੱਚ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਅਸ਼ਵਨੀ ਸ਼ਰਮਾ ਸਮੇਤ ਕਈ ਹੋਰ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਹਾਲਾਂਕਿ, ਬੈਠਕ ਦੇ ਅਧਿਕਾਰਕ ਏਜੰਡੇ ਬਾਰੇ ਪਾਰਟੀ ਵੱਲੋਂ ਹਾਲੇ ਤੱਕ ਕੋਈ ਵਿਸਥਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
ਰਾਜਨੀਤਿਕ ਹਲਕਿਆਂ ਵਿੱਚ ਇਸ ਮੀਟਿੰਗ ਨੂੰ ਪੰਜਾਬ ਵਿੱਚ ਭਾਜਪਾ ਦੀ ਆਗਾਮੀ ਰਣਨੀਤੀ ਅਤੇ ਸੰਗਠਨਕ ਪੁਨਰਗਠਨ ਦੇ ਨਜ਼ਰੀਏ ਨਾਲ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।