ਬੈਲਫਾਸਟ ਹਿੰਸਾ ਦੀ ਆਈ.ਡਬਲਯੂ.ਏ. ਵੱਲੋਂ ਨਿੰਦਾ

 
ਲੈਸਟਰ (ਇੰਗਲੈਂਡ), 11 ਜੂਨ (ਸੁਖਜਿੰਦਰ ਸਿੰਘ ਢੱਡੇ)- ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਨੇ ਬੈਲਫਾਸਟ ਅਤੇ ਯੂਕੇ ਦੇ ਹੋਰ ਹਿੱਸਿਆਂ ਵਿੱਚ ਪ੍ਰਵਾਸੀਆਂ, ਸ਼ਰਨਾਰਥੀਆਂ ਅਤੇ ਘੱਟਗਿਣਤੀ ਭਾਈਚਾਰਿਆਂ ਵਿਰੁੱਧ ਹੋ ਰਹੇ ਨਸਲੀ ਹਮਲਿਆਂ ਅਤੇ ਹਿੰਸਕ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਸਮਾਜ ਲਈ ਖ਼ਤਰਨਾਕ ਹੈ ਅਤੇ ਇਸ ਦਾ ਡਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ।
ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਬੈਲਫਾਸਟ ਵਿੱਚ ਹੋਈਆਂ ਤਾਜ਼ਾ ਘਟਨਾਵਾਂ ਦੌਰਾਨ ਘਰਾਂ ਨੂੰ ਅੱਗ ਲਗਾਉਣ, ਪਰਿਵਾਰਾਂ ਨੂੰ ਘਰ ਛੱਡਣ ਲਈ ਮਜਬੂਰ ਕਰਨ, ਵਾਹਨਾਂ ਅਤੇ ਬੱਸਾਂ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ। ਐਸੋਸੀਏਸ਼ਨ ਨੇ ਕਿਹਾ ਕਿ ਕਿਸੇ ਵੀ ਅਪਰਾਧ ਲਈ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ, ਪਰ ਕਿਸੇ ਇੱਕ ਵਿਅਕਤੀ ਦੇ ਕਥਿਤ ਅਪਰਾਧ ਨੂੰ ਆਧਾਰ ਬਣਾ ਕੇ ਪੂਰੇ ਭਾਈਚਾਰੇ ਜਾਂ ਨਸਲ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ।
ਜਨਰਲ ਸਕੱਤਰ ਸੀਤਲ ਸਿੰਘ ਗਿੱਲ ਨੇ ਕਿਹਾ ਕਿ ਬ੍ਰਿਟੇਨ ਇੱਕ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਦੇਸ਼ ਹੈ ਅਤੇ ਇੱਥੇ ਨਸਲਵਾਦ ਅਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ, ਸ਼ਰਨਾਰਥੀਆਂ ਅਤੇ ਘੱਟਗਿਣਤੀ ਭਾਈਚਾਰਿਆਂ ਦੇ ਬਹੁਤੇ ਲੋਕ ਕਾਨੂੰਨ ਦੀ ਪਾਲਣਾ ਕਰਨ ਵਾਲੇ ਹਨ ਅਤੇ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਨਸਲਵਾਦ, ਫਾਸ਼ੀਵਾਦ ਅਤੇ ਨਫ਼ਰਤ ਦੀ ਰਾਜਨੀਤੀ ਨੇ ਹਮੇਸ਼ਾ ਸਮਾਜ ਨੂੰ ਵੰਡਿਆ ਹੈ ਅਤੇ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਏਕਤਾ, ਬਰਾਬਰੀ ਅਤੇ ਆਪਸੀ ਸਤਿਕਾਰ ਦੇ ਸਿਧਾਂਤਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਐਸੋਸੀਏਸ਼ਨ ਨੇ ਟਰੇਡ ਯੂਨੀਅਨਾਂ, ਧਾਰਮਿਕ ਸੰਸਥਾਵਾਂ, ਕਮਿਊਨਿਟੀ ਜਥੇਬੰਦੀਆਂ ਅਤੇ ਲੋਕਤੰਤਰੀ ਤਾਕਤਾਂ ਨੂੰ ਅਪੀਲ ਕੀਤੀ ਕਿ ਉਹ ਨਸਲਵਾਦ ਅਤੇ ਵੰਡ ਦੀ ਰਾਜਨੀਤੀ ਵਿਰੁੱਧ ਇਕੱਠੇ ਹੋਣ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਬਣਾਉਣ।