ਹਿਮਾਚਲ 'ਚ ਪੰਜਾਬੀ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਪਿਤਾ-ਧੀ ਦੀ ਮੌਤ

 ਕੁੱਲੂ/ਮਨਾਲੀ &mdash ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਪੰਜਾਬ ਤੋਂ ਘੁੰਮਣ ਗਏ ਇੱਕ ਪਰਿਵਾਰ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਮਣੀਕਰਨ ਰੋਡ 'ਤੇ ਇੱਕ ਕਾਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪਿਤਾ ਅਤੇ ਧੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਨੰਬਰ ਦੀ ਕਾਰ ਵਿੱਚ ਸਵਾਰ ਸੈਲਾਨੀ ਮਣੀਕਰਨ ਵੱਲ ਜਾ ਰਹੇ ਸਨ ਕਿ ਰਸਤੇ ਵਿੱਚ ਵਾਹਨ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਡੂੰਘੀ ਖੱਡ ਵਿੱਚ ਜਾ ਡਿੱਗਿਆ। ਦੱਸਿਆ ਜਾਂਦਾ ਹੈ ਕਿ ਕਾਰ ਕਈ ਵਾਰ ਪਲਟੀਆਂ ਖਾਂਦੀ ਹੋਈ ਹੇਠਾਂ ਜਾ ਪਹੁੰਚੀ, ਜਿਸ ਕਾਰਨ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ। ਰਾਹਤ ਕਾਰਜ ਦੌਰਾਨ ਵਾਹਨ ਵਿੱਚ ਫਸੇ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਹਾਲਾਂਕਿ ਦੋ ਵਿਅਕਤੀਆਂ ਦੀ ਜਾਨ ਨਹੀਂ ਬਚ ਸਕੀ।

ਮ੍ਰਿਤਕਾਂ ਦੀ ਪਛਾਣ ਪਰਵਿੰਦਰ (43) ਅਤੇ ਉਸ ਦੀ ਧੀ ਨਿਧੀ ਦੀਵਾਨ (19) ਵਜੋਂ ਹੋਈ ਹੈ। ਜਦਕਿ ਰਿਤੂ (42), ਆਦਿਤਿਆ ਦੀਵਾਨ (17) ਅਤੇ ਮਾਨਵ ਕਸ਼ਯਪ (6) ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ ਅਤੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਸਥਾਨਕ ਲੋਕਾਂ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸੈਂਕੜੇ ਫੁੱਟ ਹੇਠਾਂ ਜਾ ਡਿੱਗੀ। ਬਚਾਅ ਕਾਰਜ ਵਿੱਚ ਸ਼ਾਮਲ ਵਲੰਟੀਅਰਾਂ ਨੇ ਦੱਸਿਆ ਕਿ ਯਾਤਰੀ ਵਾਹਨ ਅੰਦਰ ਬੁਰੀ ਤਰ੍ਹਾਂ ਫਸੇ ਹੋਏ ਸਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਕਾਫ਼ੀ ਮਿਹਨਤ ਕਰਨੀ ਪਈ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।