ਸ਼ਰਾਬੀ ਯਾਤਰੀ ਕਾਰਨ ਈਜ਼ੀਜੈੱਟ ਦੀ ਉਡਾਣ ਚਾਰ ਘੰਟੇ ਦੇਰੀ ਨਾਲ ਰਵਾਨਾ

 ਲੈਸਟਰ (ਇੰਗਲੈਂਡ), 14 ਜੂਨ (ਸੁਖਜਿੰਦਰ ਸਿੰਘ ਢੱਡੇ)- ਲੂਟਨ ਹਵਾਈ ਅੱਡੇ ਤੋਂ ਐਮਸਟਰਡਮ ਜਾਣ ਵਾਲੀ ਈਜ਼ੀਜੈੱਟ ਦੀ ਇੱਕ ਉਡਾਣ ਉਸ ਵੇਲੇ ਚਾਰ ਘੰਟੇ ਤੋਂ ਵੱਧ ਦੇਰੀ ਦਾ ਸ਼ਿਕਾਰ ਹੋ ਗਈ ਜਦੋਂ ਇੱਕ ਨਸ਼ੇ ਵਿੱਚ ਧੁੱਤ ਯਾਤਰੀ ਨੇ ਜਹਾਜ਼ ਅੰਦਰ ਹੰਗਾਮਾ ਕਰ ਦਿੱਤਾ। ਸਥਿਤੀ ਨੂੰ ਕਾਬੂ ਕਰਨ ਲਈ ਜਹਾਜ਼ ਦੇ ਕਪਤਾਨ ਨੂੰ ਵੀ ਕਾਕਪਿਟ ਤੋਂ ਬਾਹਰ ਆ ਕੇ ਦਖ਼ਲ ਦੇਣਾ ਪਿਆ।
ਗਵਾਹਾਂ ਮੁਤਾਬਕ ਉਡਾਣ ਨੰਬਰ EZY2511 ਸ਼ਨੀਵਾਰ ਸਵੇਰੇ ਲੂਟਨ ਤੋਂ ਰਵਾਨਾ ਹੋਣ ਲਈ ਰਨਵੇ ਵੱਲ ਵੱਧ ਰਹੀ ਸੀ, ਜਦੋਂ ਇੱਕ ਯਾਤਰੀ ਅਚਾਨਕ ਬੇਕਾਬੂ ਹੋ ਗਿਆ। ਦੱਸਿਆ ਗਿਆ ਹੈ ਕਿ ਉਹ ਆਪਣੇ ਮੋਬਾਈਲ ਫੋਨ 'ਤੇ ਉੱਚੀ ਆਵਾਜ਼ ਵਿੱਚ ਗਾਲਾਂ ਕੱਢ ਰਿਹਾ ਸੀ ਅਤੇ ਹੋਰ ਯਾਤਰੀਆਂ ਨਾਲ ਲੜਾਈ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ।
ਜਦੋਂ ਜਹਾਜ਼ ਰਨਵੇ ਵੱਲ ਜਾ ਰਿਹਾ ਸੀ ਤਾਂ ਉਹ ਯਾਤਰੀ ਆਪਣੀ ਸੀਟ ਤੋਂ ਉੱਠ ਕੇ ਜਹਾਜ਼ ਦੇ ਪਿਛਲੇ ਹਿੱਸੇ ਵੱਲ ਦੌੜ ਪਿਆ ਅਤੇ ਟਾਇਲਟ ਦੇ ਦਰਵਾਜ਼ੇ ਨੂੰ ਸਿਰ ਮਾਰ ਕੇ ਨੁਕਸਾਨ ਪਹੁੰਚਾਉਣ ਲੱਗ ਪਿਆ। ਹਾਲਾਤ ਵਿਗੜਦੇ ਦੇਖ ਕਪਤਾਨ ਕਾਕਪਿਟ ਤੋਂ ਬਾਹਰ ਆਇਆ ਅਤੇ ਕੈਬਿਨ ਕਰੂ ਨਾਲ ਮਿਲ ਕੇ ਯਾਤਰੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਮੌਕੇ 'ਤੇ ਮੌਜੂਦ ਯਾਤਰੀਆਂ ਦੇ ਅਨੁਸਾਰ ਕਰੀਬ 10 ਮਿੰਟ ਤੱਕ ਚੱਲੇ ਸੰਘਰਸ਼ ਤੋਂ ਬਾਅਦ ਹਵਾਈ ਅੱਡੇ ਦਾ ਸਟਾਫ਼ ਜਹਾਜ਼ ਵਿੱਚ ਦਾਖਲ ਹੋਇਆ ਅਤੇ ਹੰਗਾਮਾ ਕਰ ਰਹੇ ਵਿਅਕਤੀ ਨੂੰ ਜਹਾਜ਼ ਤੋਂ ਬਾਹਰ ਲੈ ਗਿਆ। ਇਸ ਦੌਰਾਨ ਜਹਾਜ਼ ਵਿੱਚ ਮੌਜੂਦ ਯਾਤਰੀਆਂ ਨੇ ਤਾਲੀਆਂ ਵਜਾ ਕੇ ਰਾਹਤ ਪ੍ਰਗਟਾਈ।
ਘਟਨਾ ਕਾਰਨ ਉਡਾਣ ਨੂੰ ਰੱਦ ਕਰਕੇ ਨਵਾਂ ਕਰੂ ਪ੍ਰਬੰਧਿਤ ਕਰਨਾ ਪਿਆ, ਜਿਸ ਕਾਰਨ ਜਹਾਜ਼ ਲਗਭਗ ਚਾਰ ਘੰਟੇ ਦੇਰੀ ਨਾਲ ਰਵਾਨਾ ਹੋਇਆ। ਬਾਅਦ ਵਿੱਚ ਉਡਾਣ ਸੁਰੱਖਿਅਤ ਢੰਗ ਨਾਲ ਐਮਸਟਰਡਮ ਪਹੁੰਚ ਗਈ।
ਈਜ਼ੀਜੈੱਟ ਦੇ ਬੁਲਾਰੇ ਨੇ ਕਿਹਾ ਕਿ ਯਾਤਰੀ ਨੂੰ ਉਡਾਣ ਤੋਂ ਪਹਿਲਾਂ ਹੀ ਉਸ ਦੇ ਗੈਰ-ਵਾਜਬ ਵਿਵਹਾਰ ਕਾਰਨ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਏਅਰਲਾਈਨ ਆਪਣੇ ਕਰਮਚਾਰੀਆਂ ਅਤੇ ਯਾਤਰੀਆਂ ਪ੍ਰਤੀ ਕਿਸੇ ਵੀ ਤਰ੍ਹਾਂ ਦੇ ਧਮਕੀ ਭਰੇ ਜਾਂ ਅਣਉਚਿਤ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਸੁਰੱਖਿਆ ਹਮੇਸ਼ਾ ਸਭ ਤੋਂ ਵੱਡੀ ਤਰਜੀਹ ਰਹਿੰਦੀ ਹੈ।