ਰੂਸੀ ‘ਸ਼ੈਡੋ ਫਲੀਟ’ ਦੇ ਤੇਲ ਟੈਂਕਰ ’ਤੇ ਬਰਤਾਨਵੀ ਫੌਜ ਦਾ ਛਾਪਾ, ਛੇ ਘੰਟੇ ਚੱਲੀ ਕਾਰਵਾਈ

 ਲੈਸਟਰ (ਇੰਗਲੈਂਡ), 14 ਜੂਨ (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਦੀ ਰਾਇਲ ਮਰੀਨ ਫੌਜ ਅਤੇ ਸੁਰੱਖਿਆ ਏਜੰਸੀਆਂ ਨੇ ਐਤਵਾਰ ਸਵੇਰੇ ਇੰਗਲਿਸ਼ ਚੈਨਲ ਵਿੱਚ ਰੂਸ ਨਾਲ ਸੰਬੰਧਿਤ ਇੱਕ ਤੇਲ ਟੈਂਕਰ &rsquoਤੇ ਵੱਡੀ ਕਾਰਵਾਈ ਕਰਦਿਆਂ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਸਰਕਾਰ ਨੇ ਇਸ ਨੂੰ ਆਪਣੀ ਕਿਸਮ ਦੀ ਪਹਿਲੀ ਵੱਡੀ ਕਾਰਵਾਈ ਦੱਸਿਆ ਹੈ, ਜੋ ਕਰੀਬ ਛੇ ਘੰਟੇ ਤੱਕ ਚੱਲੀ।
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦੱਸਿਆ ਕਿ ਉਨ੍ਹਾਂ ਦੇ ਹੁਕਮਾਂ &rsquoਤੇ ਬਰਤਾਨਵੀ ਸਸ਼ਸਤ੍ਰ ਬਲਾਂ ਨੇ &lsquoਸ਼ੈਡੋ ਫਲੀਟ&rsquo ਨਾਲ ਜੁੜੇ ਇਸ ਤੇਲ ਟੈਂਕਰ ਨੂੰ ਇੰਗਲਿਸ਼ ਚੈਨਲ ਵਿੱਚ ਰੋਕਿਆ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਰੂਸ ਅਤੇ ਉਸ ਦੀ ਜੰਗੀ ਮੁਹਿੰਮ ਨੂੰ ਸਹਾਇਤਾ ਦੇਣ ਵਾਲਿਆਂ ਲਈ ਸਪੱਸ਼ਟ ਸੰਦੇਸ਼ ਹੈ ਕਿ ਉਹ ਹੁਣ ਲੁਕ ਨਹੀਂ ਸਕਣਗੇ। ਸਟਾਰਮਰ ਨੇ ਮਿਸ਼ਨ ਵਿੱਚ ਸ਼ਾਮਲ ਫੌਜੀ ਜਵਾਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਸ਼ਲਾਘਾ ਵੀ ਕੀਤੀ।
ਰੱਖਿਆ ਮੰਤਰਾਲੇ ਅਨੁਸਾਰ &lsquoਸਮਾਇਰਟੋਸ&rsquo ਨਾਮਕ ਇਸ ਤੇਲ ਟੈਂਕਰ &rsquoਤੇ ਰਾਇਲ ਮਰੀਨ ਕਮਾਂਡੋਜ਼ ਅਤੇ ਨੈਸ਼ਨਲ ਕਰਾਈਮ ਏਜੰਸੀ ਦੇ ਵਿਸ਼ੇਸ਼ ਤੌਰ &rsquoਤੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਨੇ ਸਾਂਝੀ ਕਾਰਵਾਈ ਕੀਤੀ। ਇਸ ਮਿਸ਼ਨ ਵਿੱਚ ਰਾਇਲ ਨੇਵੀ ਦੇ ਜੰਗੀ ਜਹਾਜ਼ ਐਚਐਮਐਸ ਸਦਰਲੈਂਡ ਅਤੇ ਐਚਐਮਐਸ ਲੈਡਬਰੀ ਦੇ ਨਾਲ-ਨਾਲ ਚਿਨੂਕ, ਮਰਲਿਨ ਐਮਕੇ-4 ਅਤੇ ਵਾਈਲਡਕੈਟ ਹੈਲੀਕਾਪਟਰਾਂ ਸਮੇਤ ਕਈ ਹਵਾਈ ਸਾਧਨਾਂ ਦੀ ਵੀ ਮਦਦ ਲਈ ਗਈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਹਾਜ਼ ਰੂਸ ਦੀ ਕਥਿਤ &lsquoਸ਼ੈਡੋ ਫਲੀਟ&rsquo ਦਾ ਹਿੱਸਾ ਸੀ। ਇਸ ਫਲੀਟ ਵਿੱਚ ਪੁਰਾਣੇ ਅਤੇ ਘੱਟ ਰੱਖ-ਰਖਾਅ ਵਾਲੇ ਜਹਾਜ਼ ਸ਼ਾਮਲ ਹੁੰਦੇ ਹਨ, ਜੋ ਅੰਤਰਰਾਸ਼ਟਰੀ ਪਾਬੰਦੀਆਂ ਤੋਂ ਬਚ ਕੇ ਰੂਸੀ ਤੇਲ ਦੀ ਢੁਆਈ ਕਰਦੇ ਹਨ। ਇਹ ਜਹਾਜ਼ ਅਕਸਰ ਆਪਣੇ ਟਰੈਕਿੰਗ ਸਿਸਟਮ ਬੰਦ ਕਰ ਦਿੰਦੇ ਹਨ, ਝੂਠੀ ਸਥਿਤੀ ਦਿਖਾਉਂਦੇ ਹਨ ਅਤੇ ਸਮੁੰਦਰ ਵਿੱਚ ਹੀ ਇੱਕ ਜਹਾਜ਼ ਤੋਂ ਦੂਜੇ ਜਹਾਜ਼ ਵਿੱਚ ਤੇਲ ਤਬਦੀਲ ਕਰਕੇ ਉਸ ਦੇ ਅਸਲ ਸਰੋਤ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ।
ਨਵੇਂ ਰੱਖਿਆ ਸਕੱਤਰ ਡੈਨ ਜਾਰਵਿਸ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਲਈ ਉੱਚ ਪੱਧਰੀ ਹੁਨਰ, ਪੇਸ਼ੇਵਰਤਾ ਅਤੇ ਹਿੰਮਤ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੂਸ ਆਪਣੀ ਯੂਕਰੇਨ ਜੰਗ ਲਈ ਧਨ ਇਕੱਠਾ ਕਰਨ ਵਾਸਤੇ ਇਸ ਤਰ੍ਹਾਂ ਦੇ ਜਹਾਜ਼ਾਂ &rsquoਤੇ ਨਿਰਭਰ ਕਰਦਾ ਹੈ ਅਤੇ ਇਹ ਕਾਰਵਾਈ ਉਸ ਦੀਆਂ ਕੋਸ਼ਿਸ਼ਾਂ ਲਈ ਇੱਕ ਹੋਰ ਵੱਡਾ ਝਟਕਾ ਹੈ।
ਬਰਤਾਨਵੀ ਸਰਕਾਰ ਪਹਿਲਾਂ ਹੀ 500 ਤੋਂ ਵੱਧ ਅਜਿਹੇ ਜਹਾਜ਼ਾਂ &rsquoਤੇ ਪਾਬੰਦੀਆਂ ਲਗਾ ਚੁੱਕੀ ਹੈ ਅਤੇ ਉਨ੍ਹਾਂ ਦੇ ਬਰਤਾਨਵੀ ਬੰਦਰਗਾਹਾਂ ਵਿੱਚ ਦਾਖ਼ਲੇ &rsquoਤੇ ਰੋਕ ਹੈ। ਇਸ ਤਾਜ਼ਾ ਕਾਰਵਾਈ ਨੂੰ ਯੂਕਰੇਨ ਜੰਗ ਦੌਰਾਨ ਰੂਸ ਦੀਆਂ ਆਰਥਿਕ ਗਤੀਵਿਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਚੁੱਕਿਆ ਗਿਆ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਬਰਤਾਨੀਆ ਵਿੱਚ ਰੱਖਿਆ ਖਰਚਿਆਂ ਨੂੰ ਲੈ ਕੇ ਸਰਕਾਰ ਅੰਦਰ ਚਰਚਾ ਜਾਰੀ ਹੈ ਅਤੇ ਹਾਲ ਹੀ ਵਿੱਚ ਰੱਖਿਆ ਸਕੱਤਰ ਜੌਨ ਹੀਲੀ ਅਤੇ ਸਸ਼ਸਤ੍ਰ ਬਲਾਂ ਦੇ ਮੰਤਰੀ ਅਲ ਕਾਰਨਜ਼ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ। ਇਸ ਦੇ ਬਾਵਜੂਦ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਸੁਰੱਖਿਆ ਅਤੇ ਯੂਕਰੇਨ ਲਈ ਸਮਰਥਨ ਉਸ ਦੀ ਸਭ ਤੋਂ ਵੱਡੀ ਤਰਜੀਹ ਬਣੀ ਹੋਈ ਹੈ।