ਹਿੰਸਾ ਤੇ ਹਫੜਾ-ਦਫੜੀ ਵਿੱਚ 10 ਪੁਲਿਸ ਅਧਿਕਾਰੀ ਜਖਮੀ , 56 ਨੂੰ ਹਿਰਾਸਤ ਵਿੱਚ ਲਿਆ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਐਨ ਬੀ ਏ ਫਾਈਨਲਜ਼ ਦੇ ਗੇਮ 4 ਤੋਂ ਬਾਅਦ ਜਸ਼ਨਾਂ ਦੌਰਾਨ ਰਾਤ ਨੂੰ ਮੈਡੀਸਨ ਸਕੁਏਅਰ ਗਾਰਡਨ ਨੇੜੇ ਹਜਾਰਾਂ ਪ੍ਰਸੰਸਕਾਂ ਨੇ ਹਫੜਾ-ਦਫੜੀ ਮਚਾ ਦਿੱਤੀ। ਪੁਲਿਸ ਨੇ 56 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਹਫੜਾਦਫੜੀ ਤੇ ਹਿੰਸਾ ਵਿੱਚ 10 ਪੁਲਿਸ ਅਫਸਰ ਜ਼ਖਮੀ ਹੋਏ ਹਨ। ਇਹ ਜਾਣਕਾਰੀ ਨਿਊਯਾਰਕ ਪੁਲਿਸ ਵਿਭਾਗ ਨੇ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਮੈਡੀਸਨ ਸਕੁਏਅਰ ਗਾਰਡਨ ਦੇ ਉੱਤਰ ਵੱਲ ਪੰਜਵੇਂ ਅਤੇ ਅੱਠਵੇਂ ਐਵੇਨਿਊ ਦੇ ਵਿਚਕਾਰ ਸੜਕਾਂ ਤੇ 10,000 ਦੇ ਕਰੀਬ ਪ੍ਰਸ਼ੰਸਕ ਇਕੱਠੇ ਹੋ ਗਏ ਜਿਨਾਂ ਨੇ ਆਤਿਸ਼ਬਾਜ਼ੀ ਕੀਤੀ, ਆਵਾਜਾਈ ਵਿੱਚ ਵਿਘਨ ਪਾਇਆ ਅਤੇ ਟੈਕਸੀਆਂ ਨੂੰ ਉਲਟਾਉਣ ਦੀ ਕੋਸ਼ਿਸ਼ ਸਮੇਤ ਹੋਰ ਹਿੰਸਕ ਗਤੀਵਿਧੀਆਂ ਕੀਤੀਆਂ। ਭੀੜ ਨੂੰ ਕੰਟਰੋਲ ਕਰਨ ਦੇ ਯਤਨਾਂ ਦੌਰਾਨ ਇੱਕ ਪੁਲਿਸ ਅਫਸਰ ਦੇ ਸਿਰ ਵਿੱਚ ਕੱਚ ਦੀ ਬੋਤਲ ਲੱਗੀ ਹੈ। ਸੁਰੱਖਿਆ ਪਾਬੰਦੀਆਂ ਨੂੰ ਲੈ ਕੇ ਜਨਤਕ ਵਿਵਾਦ ਦੇ ਵਿਚਕਾਰ ਮੈਡੀਸਨ ਸਕੁਏਅਰ ਗਾਰਡਨ ਵੱਲੋਂ ਆਪਣੀ ਅਧਿਕਾਰਤ ਗੇਮ 4 ਵਾਚ ਪਾਰਟੀ ਨੂੰ ਰੱਦ ਕਰਨ ਤੋਂ ਕੁਝ ਘੰਟਿਆਂ ਬਾਅਦ ਇਹ ਗੜਬੜ ਹੋਈ।