ਅੱਧੀ ਸਦੀ ਤੋਂ ਮਸ਼ਹੂਰ ਦੋ-ਗਾਣਾ ਜੋੜੀ!

ਅੱਜ ਮਿਤੀ 14/06/2026 ਦਿਨ ਐਤਵਾਰ ਨੂੰ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਵਲੋਂ ਪ੍ਰੋਗਰਾਮ &lsquoਦਿਲ ਦੇ ਵਰਕੇ ਫੋਲ&rsquo ਵਿੱਚ ਦੋ-ਗਾਣਾ ਜੋੜੀ, ਗੀਤਕਾਰ, ਸ਼ਾਇਰ, ਸਮਾਜ ਸੇਵੀ ਹਾਕਮ ਬਖਤੜੀਵਾਲਾ ਜੀ ਅਤੇ ਬੀਬੀ ਦਲਜੀਤ ਕੌਰ ਜੀ ਨਾਲ ਖਾਸ ਮੁਲਾਕਾਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਨੇ ਸਭ ਨੂੰ ਜੀ ਆਇਆਂ ਆਖਿਆ। ਉਹਨਾਂ ਤੋਂ ਬਾਅਦ ਸਰਪ੍ਰਸਤ ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਨੇ ਗੀਤ, ਸੰਗੀਤ ਦਾ ਇਤਿਹਾਸ ਦੱਸਦਿਆਂ ਧੰਨ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਸੰਗੀ ਭਾਈ ਮਰਦਾਨਾ ਜੀ ਦੀ ਰਬਾਬ ਦਾ ਜ਼ਿਕਰ ਕੀਤਾ। ਪ੍ਰਸਿੱਧ ਪੇਸ਼ਕਾਰ ਮੋਤੀ ਸ਼ਾਇਰ ਪੰਜਾਬੀ ਜੀ ਨੇ ਮੰਚ ਸੰਚਾਲਨ ਦੀ ਸ਼ੁਰੂਆਤ ਕਰਦਿਆਂ ਪਹਿਲਾਂ ਹਾਕਮ ਬਖਤੜੀਵਾਲਾ ਜੀ ਅਤੇ ਉਹਨਾਂ ਦੀ ਸਾਥੀ ਕਲਾਕਾਰ ਤੇ ਉਹਨਾਂ ਦੀ ਜੀਵਨ ਸਾਥਣ ਬੀਬੀ ਦਲਜੀਤ ਕੌਰ ਜੀ ਨੂੰ ਜੀ ਆਇਆਂ ਆਖਿਆ ਤੇ ਸਵਾਲਾ ਦਾ ਸਿਲਸਿਲਾ ਸ਼ੁਰੂ ਕੀਤਾ। ਹਾਕਮ ਬਖਤੜੀਵਾਲਾ ਜੀ ਅਤੇ ਬੀਬੀ ਦਲਜੀਤ ਕੌਰ ਜੀ ਲਗਭਗ ਅੱਧੀ ਸਦੀ ਤੋਂ ਮਾਂ ਬੋਲੀ ਪੰਜਾਬੀ ਦੀ ਨਿਰੰਤਰ ਸੇਵਾ ਕਰਦੇ ਆ ਰਹੇ ਹਨ। ਉਹ ਗਾਇਕੀ ਦੇ ਨਾਲ ਨਾਲ ਸਮਾਜ ਸੇਵਾ ਵੀ ਕਰਦੇ ਹਨ। ਉਹਨਾਂ ਦੱਸਿਆ ਕਿ ਜਦੋਂ ਵੀ ਉਹਨਾਂ ਦੇ ਸਾਥੀ ਕਲਾਕਾਰਾਂ ਨੂੰ ਕਿਸੇ ਮਦਦ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਵੱਧ ਚੜ੍ਹ ਕੇ ਮਦਦ ਕਰਦੇ ਹਨ। ਕਰੋਨਾ ਦੇ ਦਿਨਾਂ ਵਿੱਚ ਉਹ ਹਰ ਰੋਜ਼ ਲਾਈਵ ਹੋ ਕੇ ਮਦਦ ਬਾਰੇ ਪੁੱਛਦੇ ਸਨ ਤੇ ਹਰ ਲੋੜਵੰਦ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਦੀ ਕਰਦੇ ਸਨ।
ਆਪਣੇ ਪੇਟ ਲਈ ਤਾਂ ਬਹੁਤੇ ਕਲਾਕਾਰ ਗਾਣੇ ਗਾਉਂਦੇ ਹਨ ਪਰ ਦੂਜਿਆਂ ਦੀ ਸੇਵਾ ਕਰਨ ਲਈ ਸ਼ਾਇਦ ਇਹ ਪਹਿਲੀ ਦੋ-ਗਾਣਾ ਜੋੜੀ ਹੈ ਜੋ ਆਪਣੇ ਸਾਥੀ ਕਲਾਕਾਰਾਂ ਦਾ ਵੀ ਖਿਆਲ ਰੱਖਣ ਵਿੱਚ ਸਫਲ ਰਹੀ ਹੈ। ਸਿਆਣੇ ਕਹਿੰਦੇ ਹਨ ਜੋ ਸਹਿਜੇ ਤੇ ਸਬਰ ਸੰਤੋਖ ਨਾਲ ਚੱਲਦਾ ਹੈ ਉਹ ਲੰਬਾ ਸਮਾਂ ਚੱਲਦਾ ਹੈ। ਇਹ ਕਥਨ ਇਸ ਜੋੜੀ ਨੇ ਪੂਰੀ ਤਰ੍ਹਾਂ ਅਪਣਾਇਆ ਹੈ ਤਾਂ ਹੀ ਜਦੋਂ ਪੰਜਾਬ ਵਿੱਚ 8 ਮਾਰਚ 1988 ਨੂੰ ਪੰਜਾਬ ਦੇ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਹਨਾਂ ਦੀ ਪਤਨੀ ਅਮਰਜੋਤ ਕੌਰ ਦੇ ਕਤਲ ਦੀ ਦੁੱਖਦਾਈ ਘਟਨਾ ਵਾਪਰਨ ਨਾਲ ਖਲੁਧਿਆਣਾ ਵਿੱਚ ਬਹੁਤੇ ਕਲਾਕਾਰਾਂ ਨੇ ਡਰ ਅਤੇ ਸਹਿਮ ਦੇ ਮਹੌਲ ਕਾਰਣ ਆਪਣੇ ਲੱਗੇ ਹੋਏ ਬੋਰਡ ਹਟਾ ਲਏ ਸਨ ਤੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਉਸ ਸਮੇਂ ਸਿਰਫ ਹਾਕਮ ਬਖਤੜੀਵਾਲਾ ਜੀ ਅਤੇ ਬੀਬੀ ਦਲਜੀਤ ਕੌਰ ਜੀ ਦਾ ਬੋਰਡ ਹੀ ਲੱਗਿਆ ਰਿਹਾ ਸੀ ਜਿਸ ਕਰਕੇ ਉਹਨਾਂ ਨੇ ਉਸ ਦੌਰ ਵਿੱਚ ਵੀ ਲਗਾਤਾਰ ਅਖਾੜੇ ਲਾਏ। ਪੰਜਾਬ ਦੇ ਨਾਲ ਨਾਲ ਉਹਨਾਂ ਹਿਮਾਚਲ ਤੇ ਰਾਜਸਥਾਨ ਵਿੱਚ ਲਗਾਤਾਰ ਅਖਾੜੇ ਲਾਏ।
ਹਾਕਮ ਬਖਤੜੀਵਾਲਾ ਜੀ ਨੇ ਦੱਸਿਆ ਕਿ ਉਹਨਾਂ ਦੀ ਕਲਮ ਤੋਂ ਲਿਖੇ ਗੀਤ ਉਹਨਾਂ ਦੀ ਜੋੜੀ ਦੇ ਨਾਲ ਨਾਲ ਬਹੁਤ ਸਾਰੇ ਦਿੱਗਜ ਕਲਾਕਾਰਾਂ ਦੀ ਆਵਾਜ਼ ਵਿੱਚ ਵੀ ਰਿਕਾਰਡ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਖਾਸ ਕੁਲਦੀਪ ਮਾਣਕ, ਸਰਦੂਲ ਸਿਕੰਦਰ, ਦਿਲਸ਼ਾਦ ਅਖ਼ਤਰ, ਸੁਰਿੰਦਰ ਛਿੰਦਾ, ਜਗਮੋਹਨ ਕੌਰ, ਪਰਮਿੰਦਰ ਸੰਧੂ, ਕੁਲਦੀਪ ਰਸੀਲਾ, ਸੁਦੇਸ਼ ਕੁਮਾਰੀ, ਦੀਪਕ ਢਿੱਲੋਂ, ਕੁਲਦੀਪ ਸ਼ੇਰਗਿੱਲ, ਸੁਰਿੰਦਰ ਸੋਨੀਆ, ਸੁੱਖੀ ਬਰਾੜ, ਭਿੰਦਰ ਡਾਮਹੇੜੀ, ਜੀਤ ਜੋਗਿੰਦਰ ਆਦਿ ਨਾਮ ਮੁੱਖ ਹਨ। ਪੰਜਾਬੀ ਗਾਇਕ ਹਾਕਮ ਬਖਤੜੀਵਾਲਾ ਅਤੇ ਬੀਬੀ ਦਲਜੀਤ ਕੌਰ ਦੀ ਜੋੜੀ ਨੇ ਕਈ ਸਦਾਬਹਾਰ ਦੋਗਾਣੇ ਗਾਏ ਹਨ ਜਿਨ੍ਹਾਂ ਵਿੱਚ ਮਕਬੂਲ ਰਹੇ ਤੇ ਸਦਾਬਹਾਰ ਸੁਣਨ ਵਾਲੇ ਗੀਤ 12 ਬੋਰ ਦੀ, ਗੱਲ ਬਣ ਜੂ ਜੀਜਾ ਵੇ, ਤੈਨੂੰ ਚਿੱਠੀਆਂ ਲਿਖਣ ਲਈ, ਪਿੰਡ 'ਚ 17 ਖੂਨ ਹੋ ਗਏ, ਵੇਖ ਮੇਰੇ ਆ ਗਏ ਵੀਰ ਵੇ, ਚੜ੍ਹ ਲੈਣ ਦੇ ਜਵਾਨੀ, ਮੁੰਡੇ ਦਾ ਮਾਸੜ ਬਣਜਾ ਵੇ, ਆ ਭਾਵੇਂ ਜੀ ਸਦਕੇ, ਲੰਡੂ ਜਿਹਾ ਸਿਪਾਹੀ ਲੈ ਗਿਆ, ਬੇਬੇ ਨੇ ਕਮਾਲ ਕਰਤੀ, ਆਟੇ ਵਾਲੀ ਚੱਕੀ, ਵੈਲੀ ਦੀ ਲਵਾਦੂ ਗੋਡਣੀ , ਦੱਸ ਤੇਰੀ ਕੀ ਮਰਜ਼ੀ, ਓਦੋਂ ਕਿਉਂ ਨੀ ਦਿਲ ਮੰਗਿਆ, ਨਜ਼ਰਾਂ ਨੇ ਖਾ ਲਿਆ, ਸ਼ਗਨਾਂ ਦਾ ਟਾਈਮ ਆਦਿ ਬਹੁਤ ਮਸ਼ਹੂਰ ਹਨ। ਹਾਕਮ ਬਖਤੜੀਵਾਲਾ ਜੀ ਤੇ ਬੀਬਾ ਦਲਜੀਤ ਕੌਰ ਜੀ ਜਿੱਥੇ ਸੁਰੀਲੀ ਅਵਾਜ਼ ਦੇ ਮਾਲਕ ਹਨ
ਉੱਥੇ ਨਾਲ ਹੀ ਕਲਮ ਦੇ ਵੀ ਧਨੀ ਹਨ। ਹਾਕਮ ਜੀ ਸੋਸ਼ਲ ਮੀਡੀਆ 'ਤੇ &lsquoਗਿਆਨ ਗੰਗਾ&rsquo ਨਾਮ ਦਾ ਕਾਲਮ ਲਗਾਤਾਰ ਚਲਾ ਰਹੇ ਹਨ ਜਿਸ ਵਿੱਚ ਉਹ ਲਗਭਗ ਹਰ ਰੋਜ਼ ਲੋਕ ਤੱਥ ਤੇ ਜ਼ਿੰਦਗੀ ਦੀ ਸਚਾਈ ਆਧਾਰਿਤ ਸ਼ੇਅਰ ਲਿਖ ਕੇ ਲੋਕਾਂ ਦਾ ਮਨੋਰੰਜਨ ਕਰਦੇ ਹਨ। ਲਾਈਵ ਚੱਲਦੇ ਪ੍ਰੋਗਰਾਮ ਵਿੱਚ ਉਹਨਾਂ ਨੇ ਆਪਣੇ ਲਿਖੇ ਗੀਤ ਗਾ ਕੇ ਸੁਣਾਏ ਤੇ ਨਾਲ ਹੀ ਆਪਣੀ ਕਲਮ ਤੋਂ ਲਿਖੇ ਸ਼ੇਅਰ ਅਰਜ਼ ਕੀਤੇ। &ldquoਇਹ ਦੁਨੀਆਂ ਤੇਜ਼ ਤਲਵਾਰ ਨਾਲੋਂ, ਰਹਿਣਾ ਸਿੱਖ ਲੈ ਜਿੰਦੇ ਜਹਾਨ ਅੰਦਰ! ਤੁਰਦੇ , ਫਿਰਦੇ ਬੁੱਤ ਨੇ ਬੰਦਿਆਂ ਦੇ, ਹੈ ਨਹੀਂ ਕਿਸੇ ਦੇ ਇਥੇ ਇਨਸਾਨ ਅੰਦਰ! ਵਕਤ ਪਏ ਤੋਂ ਕਿਸੇ ਨੇ ਲੱਭਣਾ ਨਹੀਂ,
ਇਸ ਗੱਲ ਨੂੰ ਰੱਖੀ ਧਿਆਨ ਅੰਦਰ।&rdquo-੨ &ldquoਮਾਂ ਬਾਪ ਨੇ ਦੋਵੇਂ ਇੱਕ ਸਾਰ ਹੁੰਦੇ, ਮਾਂ ਆਤਮਾ ਹੁੰਦੀ ਪਿਓ ਜਾਨ ਹੁੰਦਾ! ਛੋਟੇ ਵੱਡੇ ਕਰਕੇ ਨਹੀਂ ਦੇਖਿਆ ਜਾ ਸਕਦਾ, ਬਾਪੂ ਰਿਜਕ ਤੇ ਲਾਂਗਰੀ ਮਾਂ ਹੁੰਦਾ! ਮਾਂ ਘਰ ਤੇ ਬਾਪ ਜਹਾਨ ਹੁੰਦਾ!
ਪੂਰਕ ਦੋਵੇਂ ਹੀ ਹੁੰਦੇ ਜ਼ਿੰਦਗੀ ਦੇ, ਇੱਕ ਗੁਰੂ ਹੁੰਦਾ ਇੱਕ ਗਿਆਨ ਹੁੰਦਾ! ਬਖਤੜੀ ਵਾਲਿਆਂ ਬਹੁਤ ਮਹਾਨ ਚੀਜ਼ਾਂ, ਮਾਂ ਧਰਤੀ ਤੇ ਬਾਪ ਅਸਮਾਨ ਹੁੰਦਾ।&rdquo &ldquoਕਿੱਡੇ ਹਵਾ ਦੇ ਮਹਿਲ ਉਸਾਰ ਦਾ ਏਂ, ਬੈਠਾ ਫ਼ਨਾਂ ਦੇ ਇਸ ਮਕਾਨ ਅੰਦਰ! ਇਸ ਗੱਲ ਦਾ ਬੱਸ ਧਿਆਨ ਰੱਖੀਂ, ਬਦੀ ਆਵੇ ਨਾ ਕਦੇ ਇਮਾਨ ਅੰਦਰ!ਦਿਲ ਵਿੱਚ ਜੇ ਕਦੇ ਹੰਕਾਰ ਆਵੇ, ਗੇੜਾ ਮਾਰ ਲਿਆ ਕਰ ਸ਼ਮਸ਼ਾਨ ਅੰਦਰ! ਬਖਤੜੀ ਵਾਲਿਆਂ ਪਏ ਨੇ ਖਾਕ ਹੋਏ, ਕਿੱਡੇ ਕਿੱਡੇ ਸੀ ਲੋਕ ਜਹਾਨ ਅੰਦਰ।&rdquo ਪ੍ਰੋਗਰਾਮ ਵਿੱਚ ਹਾਜ਼ਰੀਨ ਮੈਂਬਰ ਸ਼ਾਇਰਾ ਪੋਲੀ ਬਰਾੜ ਜੀ ਅਮਰੀਕਾ, ਪ੍ਰਿੰਸੀਪਲ ਲਖਵੀਰ ਸਿੰਘ ਜੀ ਪੰਜਾਬ, ਪ੍ਰਸਿੱਧ ਗ਼ਜ਼ਲਗੋ ਮੁਖਤਾਰ ਸਿੰਘ ਚੰਦੀ ਜੀ ਪੰਜਾਬ, ਕਹਾਣੀਕਾਰ ਸਰਦੂਲ ਸਿੰਘ ਭੱਲਾ ਜੀ ਪਟਿਆਲਾ, ਪ੍ਰਸਿੱਧ ਪੇਸ਼ਕਾਰ ਮੋਤੀ ਸ਼ਾਇਰ ਜੀ ਪੰਜਾਬ, ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਇਟਲੀ, ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਹਰਿਆਣਾ , ਦੇ ਪੁੱਛੇ ਗਏ ਸੁਆਲਾਂ ਦੇ ਜੁਆਬ ਗਾਇਕ ਜੋੜੀ ਵੱਲੋਂ ਬਹੁਤ ਨਿਰਸੰਦੇਹ ਦਿੱਤੇ ਤੇ ਪ੍ਰੋਗਰਾਮ ਨੂੰ ਰੋਚਕ ਬਣਾਇਆ। ਲੱਗਭੱਗ ਅੱਧੀ ਸਦੀ ਤੋਂ ਗਾਇਕੀ ਅਤੇ ਗ੍ਰਹਿਸਥੀ ਜੀਵਨ ਸਾਥ ਨਿਭਾ ਰਹੀ ਜੋੜੀ ਦੀ ਮੰਚ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਦੁਆਵਾਂ ਦਿੱਤੀਆਂ ਗਈਆਂ! ਪ੍ਰੋਗਰਾਮ ਦੇ ਅਖੀਰ ਵਿੱਚ ਸਰਬਜੀਤ ਸਿੰਘ ਜਰਮਨੀ ਨੇ ਮੁੱਖ ਮਹਿਮਾਨ ਹਾਕਮ ਬਖਤੜੀਵਾਲਾ ਜੀ ਅਤੇ ਬੀਬਾ ਦਲਜੀਤ ਕੌਰ ਜੀ ਦੇ ਨਾਲ ਨਾਲ ਸਾਰੇ ਹਾਜ਼ਰੀਨ ਮੈਂਬਰਾਂ ਦਾ ਇੱਕ ਸ਼ੇਅਰ ਨਾਲ ਸਤਿਕਾਰ ਸਹਿਤ ਧੰਨਵਾਦ ਕੀਤਾ ਤੇ ਫੇਰ ਮਿਲਣ ਦੀ ਆਸ ਨਾਲ ਪ੍ਰੋਗਰਾਮ ਖ਼ਤਮ ਹੋਇਆ।
ਸਰਬਜੀਤ ਸਿੰਘ ਜਰਮਨੀ Tirthsingh3@yahoo.com