ਬਗੈਰ ਛੱਤ ਤੋਂ ਸੜਕ ਕਿਨਾਰੇ ਰਾਤਾਂ ਕੱਟ ਰਹੇ ਬੇਘਰ ਮਰੀਜ਼ ਦਾ ਸਹਾਰਾ ਬਣਿਆ ਸਰਾਭਾ ਆਸ਼ਰਮ

ਕੁੱਝ ਦਿਨਾਂ ਦੀ ਗੱਲ ਹੈ ਕਿ ਲੁਧਿਆਣਾ ਸ਼ਹਿਰ ਵਿੱਚ ਗਿੱਲ ਰੋਡ &lsquoਤੇ ਬਣੇ ਅਰੋੜਾ ਪੈਲੇਸ ਦੇ ਨਜ਼ਦੀਕ ਸ਼ਮਸ਼ਾਨ ਘਾਟ ਕੋਲ ਪੈਂਦੇ ਪਾਰਕ ਦੇ ਬਾਹਰ ਇੱਕ ਲਾਵਾਰਸ ਹਾਲਤ ਵਿੱਚ ਬਿਮਾਰ ਬਜ਼ੁਰਗ ਪਿਆ ਸੀ। ਉਸਦੇ ਪਾਏ ਮੈਲੇ-ਕੁਚੈਲੇ ਕੱਪੜੇ, ਕੰਬਦੇ ਹੱਥ, ਢਿੱਡੋਂ ਭੁੱਖਾ ਇੰਝ ਲੱਗਦਾ ਸੀ ਜਿਵੇਂ ਮੌਤ ਨੂੰ ਉਡੀਕ ਰਿਹਾ ਹੋਵੇ।
ਆਪਣੀ ਡਿਊਟੀ ਕਰਨ ਜਾ ਰਹੇ ਗਗਨਜੋਤ ਸਿੰਘ ਨਾਮ ਦੇ ਵਿਆਕਤੀ ਨੇ ਇਸ ਬਜ਼ੁਰਗ ਨੂੰ ਦੇਖਿਆ। ਜਦੋਂ ਉਸਨੇ ਬਜ਼ੁਰਗ ਨਾਲ ਗੱਲ-ਬਾਤ ਕੀਤੀ ਤਾਂ ਉਸ ਬਜ਼ੁਰਗ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ । ਬਜ਼ੁਰਗ ਨੇ ਦੱਸਿਆ ਕਿ ਮੇਰਾ ਨਾਂ ਕੇਵਲ ਕ੍ਰਿਸ਼ਨ ਹੈ, ਉਮਰ 52 ਕੁ ਸਾਲ ਹੈ । ਮੈਂ, ਮੇਰੀ ਪਤਨੀ ਅਤੇ ਬੇਟਾ ਮਜ਼ਦੂਰੀ ਕਰਕੇ ਕਿਰਾਏ ਦੇ ਮਕਾਨ ਵਿੱਚ ਰਹਿੰਦਿਆਂ ਆਪਣਾ ਗੁਜ਼ਾਰ ਕਰ ਰਹੇ ਸੀ । ਬੇਟੀ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ ਜਿਸ ਕਰਕੇ ਉਹ ਘਰ ਹੀ ਰਹਿੰਦੀ ਸੀ । ਪਰ ਵਕਤ ਦੀ ਅਜਿਹੀ ਮਾਰ ਪਈ ਕਿ ਪਹਿਲਾਂ ਬੇਟੀ ਪੂਰੀ ਹੋ ਗਈ ਫਿਰ ਦੋ ਸਾਲ ਬਾਅਦ ਪਤਨੀ ਦੀ ਮੌਤ ਹੋ ਗਈ ਅਤੇ 7-8 ਮਹੀਨੇ ਪਹਿਲਾਂ ਬੇਟੇ ਦੀ ਮੌਤ ਹੋ ਗਈ । ਫਿਰ ਤਾਂ ਮੈਂ ਟੁੱਟ ਹੀ ਗਿਆ, ਕੰਮ-ਕਾਜ ਵੀ ਛੁੱਟ ਗਿਆ, ਮਕਾਨ ਦਾ ਕਿਰਾਇਆ ਤੇ ਗੁਜ਼ਾਰਾ ਵੀ ਮੁਸ਼ਕਿਲ ਹੋ ਗਿਆ । ਅਖੀਰ ਮੈਂ ਸੜਕਾਂ &lsquoਤੇ ਰਹਿਣ ਲੱਗ ਪਿਆ । ਕਦੇ ਕੋਈ ਰੋਟੀ ਦੇ ਦਿੰਦਾ ਤਾਂ ਖਾ ਲੈਂਦਾ, ਨਹੀ ਤਾਂ ਭੁੱਖਾ ਹੀ ਪਿਆ ਰਹਿੰਦਾ । ਇੱਕ ਦਿਨ ਸੜਕ ਪਾਰ ਕਰਨ ਲੱਗਿਆ, ਤਾਂ ਆਟੋ ਵਾਲਾ ਸਾਇਡ ਮਾਰ ਗਿਆ ਅਤੇ ਲੱਤ &lsquoਤੇ ਸੱਟ ਲੱਗ ਗਈ ਜਿਸ ਨਾਲ ਤੁਰਨਾ-ਫਿਰਨਾ ਵੀ ਮੁਸ਼ਕਿਲ ਹੋ ਗਿਆ। ਕੇਵਲ ਕ੍ਰਿਸ਼ਨ ਬਜ਼ੁਰਗ ਦੀ ਦੁੱਖਾਂ ਭਰੀ ਦਾਸਤਾਨ ਸੁਣਕੇ ਗਗਨਜੋਤ ਸਿੰਘ ਵੱਲੋਂ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਫੋਨ ਕਰਕੇ ਸਾਰੀ ਕਹਾਣੀ ਦੱਸੀ ਗਈ ਤਾਂ ਆਸ਼ਰਮ ਦੇ ਸੇਵਾਦਾਰਾਂ ਵੱਲੋਂ ਬਜ਼ੁਰਗ ਕੇਵਲ ਕ੍ਰਿਸ਼ਨ ਨੂੰ ਆਸ਼ਰਮ ਵਿੱਚ ਲਿਆਂਦਾ ਗਿਆ। ਇੱਥੇ ਇਸਨੂੰ ਲੋੜੀਂਦੀ ਮੈਡੀਕਲ ਸਹੂਲਤ, ਮੰਜਾ-ਬਿਸਤਰਾ ਅਤੇ ਹੋਰ ਜ਼ਰੂਰਤ ਦਾ ਸਮਾਨ ਵੀ ਦਿੱਤਾ ਗਿਆ । ਇਸਦਾ ਇਲਾਜ਼ ਵੀ ਸ਼ੁਰੂ ਹੋ ਗਿਆ ਹੈ । ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਠੀਕ ਹੋ ਕੇ ਆਪਣੀ ਆਉਣ ਵਾਲੀ ਜ਼ਿੰਦਗੀ ਵਧੀਆ ਬਤੀਤ ਕਰ ਸਕੇਗਾ। ਇਸ ਸੰਸਥਾ ਦੇ ਬਾਨੀ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਆਸ਼ਰਮ ਵਿੱਚ ਦੋ ਸੌ ਪੰਤਾਲੀ (245) ਦੇ ਕਰੀਬ ਦਿਮਾਗੀ ਸੰਤੁਲਨ ਗੁਆ ਚੁੱਕੇ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਲਾਵਾਰਸ-ਬੇਘਰ ਮਰੀਜ਼ ਰਹਿੰਦੇ ਹਨ ਜਿਹਨਾਂ ਵਿੱਚ ਬਹੁਤ ਸਾਰੇ ਮਰੀਜ਼ ਪੂਰੀ ਤਰਾਂ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਆਸ਼ਰਮ ਬਾਰੇ ਹੋਰ ਜਾਣਕਾਰੀ ਲੈਣ ਲਈ ਮੋਬਾਇਲ 95018-42505, ਵੱਟਸਐਪ 95018-42506 &lsquoਤੇ ਸੰਪਰਕ ਕੀਤਾ
ਜਾ ਸਕਦਾ ਹੈ।