ਪੰਜਾਬੀਆਂ ਦੇ ਪਿਆਰ ਦਾ ਕੋਈ ਮੁੱਲ ਨਹੀਂ: ਮਾਨ

ਮੁਹਾਲੀ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਜਿੱਤ ਲਈ ਵੋਟਰਾਂ ਦਾ ਧੰਨਵਾਦ ਕਰਨ ਵਾਸਤੇ ਪਾਰਟੀ ਵੱਲੋਂ ਅੱਜ ਰੋਡ ਸ਼ੋਅ ਕੱਢਿਆ ਗਿਆ, ਜਿਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤੀ। ਉਨ੍ਹਾਂ ਨਾਲ ਖੁੱਲ੍ਹੀ ਗੱਡੀ ਵਿਚ ਕੈਬਨਿਟ ਮੰਤਰੀ ਤੇ ਪਾਰਟੀ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ, ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ, ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਮੁਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਮੌਜੂਦ ਸਨ। ਰੋਡ ਸ਼ੋਅ ਮੌਕੇ ਵੱਡੀ ਗਿਣਤੀ &lsquoਆਪ&rsquo ਕਾਰਕੁਨਾਂ ਤੋਂ ਇਲਾਵਾ ਸ਼ਹਿਰ ਵਾਸੀ ਪਹੁੰਚੇ ਹੋਏ ਸਨ। ਰੋਡ ਸ਼ੋਅ ਪਿੰਡ ਸੋਹਾਣਾ ਨੇੜਿਓਂ ਸੈਕਟਰ 78 &rsquoਚੋਂ ਆਰੰਭ ਹੋਇਆ ਅਤੇ ਪਿੰਡ ਦੀ ਫ਼ਿਰਨੀ ਉੱਤੋਂ ਘੁੰਮਿਆ।ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ &rsquoਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਅਤੇ ਹੁਣ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾ ਰਹੇ। ਪੰਜਾਬੀਆਂ ਵੱਲੋਂ ਉਨ੍ਹਾਂ ਦੀ ਪਾਰਟੀ ਨੂੰ ਦਿੱਤੇ ਜਾ ਰਹੇ ਪਿਆਰ ਦਾ ਕਿਸੇ ਵੀ ਕਰੰਸੀ ਵਿੱਚ ਕੋਈ ਮੁੱਲ ਨਹੀਂ ਹੈ। ਕਾਂਗਰਸੀਆਂ ਤੇ ਅਕਾਲੀਆਂ ਨੇ ਪੰਜ-ਪੰਜ ਸਾਲ ਵਾਰੀਆਂ ਬੰਨ੍ਹੀਆਂ ਹੋਈਆਂ ਸਨ। ਹੁਣ ਵਿਰੋਧੀ ਝਾੜੂ &rsquoਤੇ ਗੰਦ ਪਾਉਣ ਦੇ ਦੋਸ਼ ਲਾਉਂਦੇ ਹਨ ਪਰ ਝਾੜੂ ਤਾਂ ਸਫ਼ਾਈ ਕਰਦਾ ਹੈ। ਉਹ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੂਰੇ ਦੇਸ਼ ਦੀ ਸਫ਼ਾਈ ਕਰਨ ਲਈ ਤਿਆਰ ਹਨ। ਵਿਰੋਧੀਆਂ ਦੀਆਂ 2027 ਵਿਚ ਜ਼ਮਾਨਤਾਂ ਜ਼ਬਤ ਹੋਣਗੀਆਂ ਤੇ ਅੱਜ ਦਾ ਇਕੱਠ ਵੇਖ ਕੇ ਵਿਰੋਧੀ ਧਿਰਾਂ ਨੂੰ ਨੀਂਦ ਨਹੀਂ ਆਉਣੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੇ ਕੀਤੇ ਕੰਮਾਂ ਕਰ ਕੇ ਹੀ ਸਾਢੇ ਚਾਰ ਸਾਲ ਸਰਕਾਰ ਚਲਾਉਣ ਤੋਂ ਬਾਅਦ ਵੀ ਪਾਰਟੀ ਨੂੰ ਉਨ੍ਹਾਂ ਦਾ ਪਿਆਰ ਮਿਲ ਰਿਹਾ ਹੈ। ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਸਮੇਂ ਉਨ੍ਹਾਂ ਦੇ ਆਗੂਆਂ ਨੂੰ ਸਾਢੇ ਚਾਰ ਸਾਲ ਬਾਅਦ ਲੋਕਾਂ ਤੋਂ ਪਿਆਰ ਦੀ ਥਾਂ ਫਿਟਕਾਰਾਂ ਮਿਲਦੀਆਂ ਸਨ। ਉਨ੍ਹਾਂ ਕਿਹਾ ਕਿ ਅਜੇ ਬਹੁਤ ਸਾਰੇ ਕੰਮ ਕਰਨੇ ਬਾਕੀ ਹਨ, ਜਿਨ੍ਹਾਂ ਦੀ ਪੂਰਤੀ ਲਈ ਭਗਵੰਤ ਮਾਨ ਨੂੰ ਪਹਿਲਾਂ ਨਾਲੋਂ ਵੱਡੇ ਫਤਵੇ ਨਾਲ ਮੁੜ ਮੁੱਖ ਮੰਤਰੀ ਬਣਾਇਆ ਜਾਵੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਮੁਹਾਲੀ ਵਾਸੀਆਂ ਦੇ ਧੰਨਵਾਦ ਲਈ ਕੋਈ ਸ਼ਬਦ ਨਹੀਂ ਹਨ ਤੇ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਕੇਜਰੀਵਾਲ ਤੇ ਭਗਵੰਤ ਮਾਨ ਨੇ ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਬਣੇ ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਮੁਹਾਲੀ ਵਾਸੀਆਂ ਦੀ ਸੇਵਾ ਕਰਨਗੇ।