2.7 ਬਿਲੀਅਨ ਡਾਲਰ ਵਿੱਚ ਪਿਜ਼ਾ ਹਟ ਨੂੰ ਵੇਚਣ ਦੀ ਕੀਤੀ ਜਾ ਰਹੀ ਹੈ ਤਿਆਰੀ
_16Jun26075954AM.jfif)
ਨਿਊ ਯੌਰਕ: ਦੁਨੀਆ ਦੀ ਮਸ਼ਹੂਰ ਪਿਜ਼ਾ ਚੇਨ ਨੂੰ ਇਸ ਦੀ ਪੇਰੈਂਟ ਕੰਪਨੀ ਯਮ ਬਰੈਂਡਜ਼ ਵੱਲੋਂ 2.7 ਬਿਲੀਅਨ ਅਮਰੀਕੀ ਡਾਲਰ ਵਿੱਚ ਵੇਚਣ ਦਾ ਐਲਾਨ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਕਿ ਲਗਾਤਾਰ ਘਟਦੀ ਵਿੱਕਰੀ ਅਤੇ ਵਧਦੇ ਮੁਕਾਬਲੇ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਸੌਦੇ ਤਹਿਤ ਲੌਂਗ ਰੇਂਜ ਕੈਪੀਟਲ ਚੀਨ ਤੋਂ ਬਾਹਰ ਵਾਲੇ ਪਿਜ਼ਾ ਹਟ ਕਾਰੋਬਾਰ ਨੂੰ ਲਗਭਗ 1.5 ਬਿਲੀਅਨ ਡਾਲਰ ਵਿੱਚ ਖਰੀਦੇਗੀ। ਇਸ ਦੇ ਨਾਲ ਹੀ ਚੀਨ ਵਿੱਚ ਪਿਜ਼ਾ ਹਟ ਦੇ ਕਾਰੋਬਾਰ ਨੂੰ ਯਮ ਚਾਈਨਾ ਹੋਲਡਿੰਗਜ਼ ਇਨਕਾਰਪੋਰੇਸ਼ਨ ਕਰੀਬ 1.2 ਅਰਬ ਡਾਲਰ ਵਿੱਚ ਆਪਣੇ ਹੱਥ ਵਿੱਚ ਲਵੇਗੀ। ਪਿਛਲੇ ਸਾਲ ਜਿੱਥੇ ਯਮ ਬ੍ਰਾਂਡਜ਼ ਦੀ ਕੁੱਲ ਗਲੋਬਲ ਵਿੱਕਰੀ ਵਿੱਚ 5 ਫ਼ੀ ਸਦੀ ਵਾਧਾ ਹੋਇਆ, ਉੱਥੇ ਪਿਜ਼ਾ ਹਟ ਦੀ ਵਿੱਕਰੀ ਵਿੱਚ 2 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਸਾਲ ਕੰਪਨੀ ਨੇ ਅਮਰੀਕਾ ਵਿੱਚ 250 ਪਿਜ਼ਾ ਹਟ ਰੈਸਟੋਰੈਂਟ ਬੰਦ ਕਰਨ ਦੀ ਯੋਜਨਾ ਵੀ ਐਲਾਨੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਪਿਜ਼ਾ ਹਟ ਲੰਬੇ ਸਮੇਂ ਤੋਂ ਕੰਪਨੀ ਦੇ ਸਭ ਤੋਂ ਕਮਜ਼ੋਰ ਬ੍ਰਾਂਡਾਂ ਵਿੱਚੋਂ ਇੱਕ ਬਣੀ ਹੋਈ ਸੀ। ਇੱਕ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਪਿਜ਼ਾ ਚੇਨ ਰਹੀ ਇਹ ਕੰਪਨੀ ਹੁਣ ਡੌਮੀਨੋਜ਼ ਪਿਜ਼ਾ ਅਤੇ ਆਨਲਾਈਨ ਡਲਿਵਰੀ ਪਲੇਟਫਾਰਮਾਂ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰ ਰਹੀ ਹੈ। 1958 ਵਿੱਚ ਵਿਚਿਟਾ ਵਿੱਚ ਸ਼ੁਰੂ ਹੋਈ ਪਿਜ਼ਾ ਹਟ ਨੇ 1970 ਅਤੇ 1980 ਦੇ ਦਹਾਕਿਆਂ ਵਿੱਚ ਬੇਹੱਦ ਲੋਕਪ੍ਰਿਯਤਾ ਹਾਸਲ ਕੀਤੀ ਸੀ। ਪਰ ਗਾਹਕਾਂ ਦੀਆਂ ਬਦਲਦੀਆਂ ਆਦਤਾਂ ਅਤੇ ਹੋਮ ਡਲਿਵਰੀ ਸੇਵਾਵਾਂ ਦੇ ਵਾਧੇ ਕਾਰਨ ਕੰਪਨੀ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਯਮ ਬ੍ਰਾਂਡਜ਼ ਦੇ ਸੀਈਓ ਕ੍ਰਿਸ ਟਰਨਰ ਦਾ ਕਹਿਣਾ ਹੈ ਕਿ ਇਸ ਵਿੱਕਰੀ ਨਾਲ ਕੰਪਨੀ ਆਪਣੇ ਹੋਰ ਮਜ਼ਬੂਤ ਬ੍ਰਾਂਡਾਂ ਜਿਵੇਂ ਕੇਐਫਸੀ ਅਤੇ ਟਾਕੋ ਬੈੱਲ 'ਤੇ ਵੱਧ ਧਿਆਨ ਕੇਂਦਰਿਤ ਕਰ ਸਕੇਗੀ।ਕੰਪਨੀ ਨੂੰ ਉਮੀਦ ਹੈ ਕਿ ਇਹ ਸੌਦਾ ਇਸ ਸਾਲ ਦੀ ਤੀਜੀ ਤਿਮਾਹੀ ਵਿੱਚ ਪੂਰਾ ਹੋ ਜਾਵੇਗਾ। ਇਸ ਐਲਾਨ ਤੋਂ ਬਾਅਦ ਯਮ ਬ੍ਰਾਂਡਜ਼ ਦੇ ਸ਼ੇਅਰਾਂ ਵਿੱਚ ਲਗਭਗ 3 ਫ਼ੀ ਸਦੀ ਦਾ ਵਾਧਾ ਵੀ ਦਰਜ ਕੀਤਾ ਗਿਆ।