ਵਾਈਟ ਹਾਊਸ ਯੂਐਫਸੀ ਸਮਾਗਮ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਨਾਕਾਮ, 5 ਗ੍ਰਿਫ਼ਤਾਰ

ਵਾਸ਼ਿੰਗਟਨ: ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਵਾਈਟ ਹਾਊਸ ਵਿੱਚ ਹੋਏ ਯੂਐਫਸੀ ਫਾਈਟਿੰਗ ਸਮਾਗਮ ਨੂੰ ਨਿਸ਼ਾਨਾ ਬਣਾਉਣ ਲਈ ਬਣਾਈ ਗਈ ਕਥਿਤ ਹਮਲੇ ਦੀ ਯੋਜਨਾ ਨੂੰ ਨਾਕਾਮ ਬਣਾਉਣ ਦਾ ਦਾਅਵਾ ਕੀਤਾ ਹੈ। ਐਫਬੀਆਈ ਡਾਇਰੈਕਟਰ ਕਾਸ਼ ਪਟੇਲ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਕਈ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਸੰਭਾਵਤ ਹਮਲਿਆਂ ਨੂੰ ਸਮੇਂ ਸਿਰ ਰੋਕ ਦਿੱਤਾ ਗਿਆ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਮੁਤਾਬਕ, ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਓਹਾਇਓ, ਮਿਸੂਰੀ ਅਤੇ ਕੈਲੇਫੋਰਨੀਆ ਸਮੇਤ ਵੱਖ-ਵੱਖ ਰਾਜਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਸੰਭਾਵਤ ਖ਼ਤਰੇ ਸਬੰਧੀ ਜਾਣਕਾਰੀ ਵਿਸਵਿਾਰਪੂਰਬਕ ਜਾਰੀ ਨਹੀਂ ਕੀਤੀ ਗਈ। ਐਫਬੀਆਈ ਨੂੰ ਇਸ ਕਥਿਤ ਸਾਜ਼ਿਸ਼ ਬਾਰੇ 10 ਜੂਨ ਨੂੰ ਜਾਣਕਾਰੀ ਮਿਲੀ ਸੀ, ਜੋ ਵਾਈਟ ਹਾਊਸ ਦੇ ਸਾਊਥ ਲਾਨ ਵਿੱਚ ਹੋਏ ਯੂਐਫਸੀ ਸਮਾਗਮ ਤੋਂ ਚਾਰ ਦਿਨ ਪਹਿਲਾਂ ਦੀ ਗੱਲ ਹੈ। ਐਫਬੀਆਈ, ਹੋਰ ਸੁਰੱਖਿਆ ਏਜੰਸੀਆਂ ਅਤੇ ਨਿਆਂ ਵਿਭਾਗ ਨੇ ਮਿਲ ਕੇ ਬਹੁ-ਰਾਜੀ ਕਾਰਵਾਈ ਚਲਾਈ, ਜਿਸ ਦੇ ਨਤੀਜੇ ਵਜੋਂ ਕਈ ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਯੂਐਫਸੀ ਸਮਾਗਮ ਐਤਵਾਰ ਨੂੰ ਹੋਇਆ ਸੀ, ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਹਾਜ਼ਰੀ ਭਰੀ। ਟਰੰਪ ਨੇ ਇਸ ਪ੍ਰੋਗਰਾਮ ਨੂੰ ਅਮਰੀਕਾ ਦੀ ਆਜ਼ਾਦੀ ਦੇ ਐਲਾਨ ਦੀ 250ਵੀਂ ਵਰ੍ਹੇਗੰਢ ਨਾਲ ਜੁੜੇ ਸਮਾਗਮਾਂ ਦਾ ਹਿੱਸਾ ਦੱਸਿਆ ਸੀ। ਅਧਿਕਾਰੀਆਂ ਨੇ ਕਿਹਾ ਹੈ ਕਿ ਦੋਸ਼ਾਂ ਨਾਲ ਸਬੰਧਤ ਦਸਤਾਵੇਜ਼ ਜਨਤਕ ਹੋਣ ਤੋਂ ਬਾਅਦ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।