ਏ.ਪੀ. ਢਿੱਲੋਂ ਦੇ ਘਰ ’ਤੇ ਹਮਲੇ ਦਾ ਮਾਮਲਾ, ਮੁਲਜ਼ਮ ਅਭੀਜੀਤ ਕਿੰਗਰਾ ਕੈਨੇਡਾ ਤੋਂ ਹੋਵੇਗਾ ਡਿਪੋਰਟ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫ਼ਿਊਜੀ ਬੋਰਡ (ਆਈ ਆਰ ਬੀ) ਨੇ ਬਿਸ਼ਨੋਈ ਗੈਂਗ ਨਾਲ ਸਬੰਧਤ ਇੱਕ ਭਾਰਤੀ ਨਾਗਰਿਕ ਨੂੰ ਅਪਰਾਧਿਕ ਸੰਗਠਨ ਦਾ ਮੈਂਬਰ ਕਰਾਰ ਦਿੰਦਿਆਂ ਉਸ ਖ਼ਿਲਾਫ਼ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਹਨ। ਅਭੀਜੀਤ ਕਿੰਗਰਾ ਨਾਮਕ ਇਹ ਵਿਅਕਤੀ ਵਿਦਿਆਰਥੀ ਵੀਜ਼ੇ &rsquoਤੇ ਕੈਨੇਡਾ ਆਇਆ ਸੀ। ਆਈ ਆਰ ਬੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕਹਿਣ &rsquoਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲਵੁੱਡ ਸ਼ਹਿਰ ਵਿੱਚ ਇੱਕ ਘਰ ਉੱਤੇ 14 ਗੋਲੀਆਂ ਚਲਾਈਆਂ ਸਨ, ਜਦਕਿ ਉਸ ਦੇ ਇੱਕ ਸਾਥੀ ਨੇ ਘਰ ਮਾਲਕਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਸੀ।

ਦੋਵਾਂ ਉੱਤੇ ਸਰੀ (ਬੀ.ਸੀ.) ਵਿੱਚ ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਦੇ ਦੋਸ਼ ਵੀ ਹਨ। ਇਹ ਕਾਰਵਾਈ ਕੈਨੇਡਾ ਭਰ ਵਿੱਚ ਜਬਰਨ ਵਸੂਲੀ ਨਾਲ ਜੁੜੇ ਗਿਰੋਹਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ ਇਸ ਸਬੰਧੀ 400 ਤੋਂ ਵੱਧ ਜਾਂਚਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ 55 ਸ਼ੱਕੀ ਵਿਅਕਤੀਆਂ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਾ ਹੈ।

ਆਈ ਆਰ ਬੀ ਮੈਂਬਰ ਅਜ਼ੀਮ ਲਾਲ ਜੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਪਹਿਲਾਂ ਹੀ ਇਹ ਤੱਥ ਸਥਾਪਿਤ ਕਰ ਚੁੱਕੀ ਹੈ ਕਿ ਕਿੰਗਰਾ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਇਹ ਗੈਂਗ ਕਤਲ, ਗੋਲ਼ੀਬਾਰੀ, ਅੱਗਜ਼ਨੀ, ਜਬਰਨ ਵਸੂਲੀ ਅਤੇ ਧਮਕਾਉਣ ਵਰਗੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਗੈਂਗ ਨਾਲ ਜੁੜੀਆਂ ਜਬਰਨ ਵਸੂਲੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

ਸੁਣਵਾਈ ਦੌਰਾਨ ਕਿੰਗਰਾ ਨੇ ਦਾਅਵਾ ਕੀਤਾ ਕਿ ਉਸ ਨੂੰ 4,000 ਡਾਲਰ ਦੇ ਬਦਲੇ 2 ਸਤੰਬਰ 2024 ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ &rsquoਤੇ ਹਮਲਾ ਕਰਨ ਲਈ ਕਿਹਾ ਗਿਆ ਸੀ। ਉਸ ਨੇ ਕਿਹਾ ਕਿ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਉਹ ਬਿਸ਼ਨੋਈ ਗੈਂਗ ਲਈ ਕੰਮ ਕਰ ਰਿਹਾ ਹੈ ਅਤੇ ਇਹ ਕੰਮ ਉਸ ਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਕੀਤਾ ਸੀ। CBSA ਅਧਿਕਾਰੀ ਜਸਬੀਰ ਸੰਧੂ ਨੇ ਦਲੀਲ ਦਿੱਤੀ ਕਿ ਏ.ਪੀ. ਢਿੱਲੋਂ ਦੇ ਘਰ 'ਤੇ ਹਮਲਾ ਜਬਰਨ ਵਸੂਲੀ ਦਾ ਮਾਮਲਾ ਨਹੀਂ ਸੀ, ਸਗੋਂ ਬਿਸ਼ਨੋਈ ਗੈਂਗ ਵੱਲੋਂ ਆਪਣੀ ਪਹੁੰਚ ਅਤੇ ਤਾਕਤ ਦਾ ਸੁਨੇਹਾ ਦੇਣ ਦੀ ਕੋਸ਼ਸ਼ ਸੀ।