ਵਿਨੀਪੈੱਗ ਗੁਰਦੁਆਰਾ ਕਮੇਟੀ ਪ੍ਰਧਾਨ ਨੇ ਜਥੇਦਾਰ ਅਕਾਲ ਤਖ਼ਤ ਦੇ ਫੈਸਲੇ ਨੂੰ ਦੱਸਿਆ ਇੱਕਪਾਸੜ

ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਵਿਨੀਪੈੱਗ (ਕੈਨੇਡਾ) ਸਥਿਤ ਗੁਰਦੁਆਰਾ ਸਾਊਥ ਸਿੱਖ ਸੈਂਟਰ ਦੀ ਕਮੇਟੀ ਮੈਂਬਰਾਂ ਵਿਰੁੱਧ ਪਾਸ ਕੀਤੇ ਹੁਕਮਨਾਮੇ ਨੂੰ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨਿਸ਼ਾਨ ਸਿੰਘ ਨੇ ਇੱਕਪਾਸੜ ਦੱਸਦਿਆਂ ਕਿਹਾ ਕਿ ਸਾਰੇ ਦੋਸ਼ ਨਿਰਮੂਲ ਹਨ।
ਪ੍ਰਧਾਨ ਨੇ ਇਸ ਦੋਸ਼ ਨੂੰ ਵੀ ਗਲਤ ਕਿਹਾ ਕਿ ਉਨ੍ਹਾਂ ਵਲੋਂ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਲੋਂ ਭੇਜੀ ਕਿਸੇ ਚਿੱਠੀ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਈਮੇਲ ਅਤੇ ਡਾਕ ਰਾਹੀਂ ਭੇਜੇ ਜਵਾਬਾਂ ਦੇ ਸਬੂਤ ਮੌਜੂਦ ਹਨ, ਜਿਸ ਨੂੰ ਉਹ ਆਉਂਦੇ ਐਤਵਾਰ ਕਮੇਟੀ ਅਹੁਦੇਦਾਰਾਂ ਤੇ ਮੈਂਬਰਾਂ ਨਾਲ ਰੱਖੀ ਗਈ ਮੀਟਿੰਗ &rsquoਚ ਵਿਚਾਰਨ ਤੋਂ ਬਾਅਦ ਹਰੇਕ ਦੋਸ਼ ਦਾ ਵਿਸਥਾਰਤ ਅਤੇ ਸਬੂਤਾਂ ਸਮੇਤ ਉੱਤਰ ਜਨਤਕ ਕਰਨਗੇ। ਉਨ੍ਹਾਂ ਕਿਹਾ ਕਿ ਫੈਸਲਾ ਮੁੱਢ ਤੋਂ ਇੱਕਪਾਸੜ ਹੈ, ਜਿਸ ਦੀ ਉਮੀਦ ਸਰਬ ਉੱਚ ਸਿੱਖ ਸੰਸਥਾਨ ਤੋਂ ਨਹੀਂ ਕੀਤੀ ਜਾ ਸਕਦੀ।
ਨਿਸ਼ਾਨ ਸਿੰਘ ਨੇ ਦੁਹਰਾਇਆ ਕਿ ਐਤਵਾਰ ਨੂੰ ਆਪਣੀ ਬੇਗੁਨਾਹੀ ਦੇ ਸਾਰੇ ਠੋਸ ਸਬੂਤ ਜਨਤਕ ਕਰਕੇ ਸਿੱਖ ਸੰਗਤ ਤੋਂ ਇਨਸਾਫ਼ ਦੀ ਮੰਗ ਕੀਤੀ ਜਾਵੇਗੀ। ਪ੍ਰਧਾਨ ਨੇ ਭਾਵੁਕ ਹੁੰਦੇ ਹੋਏ ਬਹੁਤੇ ਸਵਾਲਾਂ ਦੇ ਜਵਾਬ ਐਤਵਾਰ ਨੂੰ ਦੇਣ ਦੀ ਗੱਲ ਕਰਦਿਆਂ ਵਾਰ ਵਾਰ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਸਿੱਖ ਮਰਿਆਦਾ ਦੀ ਕੋਈ ਅਵੱਗਿਆ ਨਹੀਂ ਕੀਤੀ।
ਗੁਰਦੁਆਰਾ ਕਮੇਟੀ ਪ੍ਰਧਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਉਹ 30-35 ਸਾਲ ਤੋਂ ਗੁਰਦੁਆਰਾ ਸਾਹਿਬ ਨਾਲ ਜੁੜੇ ਹਏ ਹਨ ਤੇ ਕਮੇਟੀ ਦੇ 300 ਮੈਂਬਰਾਂ ਵਲੋਂ ਕੀਤੀ ਜਾਂਦੀ ਚੋਣ ਮੌਕੇ ਤੀਜੀ ਵਾਰ ਸੌਂਪੀ ਗਈ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਤੇ ਕਬਜ਼ੇ ਦੀ ਲਾਲਸਾ ਨਾਲ ਮੈਂਬਰ ਬਣੇ ਕੁਝ ਲੋਕਾਂ ਦੀਆਂ ਹਰਕਤਾਂ ਦੇ ਚਲਦਿਆਂ ਉਨ੍ਹਾਂ ਦੀ ਮੈਂਬਰਸ਼ਿੱਪ ਖਾਰਜ ਕੀਤੇ ਜਾਣ ਕਾਰਨ ਉਹ ਝੂਠੀਆਂ ਸ਼ਿਕਾਇਤਾਂ ਭੇਜ ਰਹੇ ਸਨ, ਜਿੰਨਾਂ ਨੂੰ ਜਥੇਦਾਰ ਸਾਹਿਬਾਨ ਵੱਲੋਂ ਸਾਡੇ ਜਵਾਬ ਅਣਗੋਲੇ ਕਰਕੇ ਉਨ੍ਹਾਂ ਦੀ ਝੂਠ ਦੀ ਪੰਡ ਨੂੰ ਸੱਚ ਮੰਨਦੇ ਹੋਏ ਹੁਕਮਨਾਮਾ ਜਾਰੀ ਕੀਤਾ ਗਿਆ, ਜੋ ਕਿ ਬਹੁਤ ਦੁੱਖਦਾਈ ਗੱਲ ਹੈ। ਉਨ੍ਹਾਂ ਨੇ ਭਰੋਸੇ ਨਾਲ ਕਿਹਾ ਕਿ ਐਤਵਾਰ ਦੀ ਕਮੇਟੀ ਮੀਟਿੰਗ ਤੋਂ ਬਾਅਦ ਸਾਰੇ ਦੋਸ਼ਾਂ ਦਾ ਨਿਤਾਰਾ ਸਿੱਖ ਸੰਗਤ ਕਰੇਗੀ।