ਮਿਡਲੈਂਡ ਵਿੱਚ ਹੋਈ ਗੋਲੀਬਾਰੀ ਵਿੱਚ 1 ਦੀ ਮੌਤ ਤੇ 10 ਜ਼ਖਮੀ , ਸ਼ੱਕੀ ਵੀ ਮਾਰਿਆ ਗਿਆ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਮਿਡਲੈਂਡ, ਟੈਕਸਾਸ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ । ਬਾਅਦ ਵਿੱਚ ਸ਼ੱਕੀ ਬੰਦੂਕਧਾਰੀ, ਜਿਸ ਦੀ ਪਛਾਣ ਵਿਕਟਰ ਮਾਤਾ ਵਿਲਾਰੀਅਲ ਵਜੋਂ ਹੋਈ ਹੈ, ਪੁਲਿਸ ਅਫਸਰਾਂ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ। ਮਿਡਲੈਂਡ ਸਿਟੀ ਦੇ ਬੁਲਾਰੇ ਸਟੀਵਰਟ ਡੋਰੀਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਿਡਲੈਂਡ ਪੁਲਿਸ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਮੌਕੇ ਉਪਰ ਪੁੱਜੀ। ਹਮਲਾਵਰ ਆਮ ਲੋਕਾਂ ਉਪਰ ਗੋਲੀਬਾਰੀ ਕਰਨ ਉਪਰੰਤ ਇਕ ਪੁਰਾਣੀ ਖੰਡਰ ਹੋਈ ਇਮਾਰਤ ਵਿੱਚ ਲੁਕ ਗਿਆ। ਪੁਲਿਸ ਅਫਸਰਾਂ ਵੱਲੋਂ ਬਖਤਰਬੰਦ ਗੱਡੀਆਂ ਸਮੇਤ ਇਮਾਰਤ ਦੀ ਤੁਰੰਤ ਘੇਰਾਬੰਦੀ ਕੀਤੀ ਗਈ। ਇੱਕ ਘੰਟਾ ਚੱਲੇ ਟਕਰਾਅ ਤੋਂ ਬਾਅਦ, ਸ਼ੱਕੀ ਦੁਪਹਿਰ 12:30 ਵਜੇ ਇਮਾਰਤ ਦੇ ਅੰਦਰ ਮ੍ਰਿਤਕ ਪਾਇਆ ਗਿਆ। ਮਿਡਲੈਂਡ ਦੇ ਮੇਅਰ ਲੋਰੀ ਬਲੌਂਗ ਨੇ ਕਿਹਾ ਕਿ ਅਧਿਕਾਰੀਆਂ ਨੇ ਸ਼ੂਟਰ ਨੂੰ ਮਾਰ ਦੇਣ ਦੀ ਪੁਸ਼ਟੀ ਕੀਤੀ ਹੈ। ਹੋਰ ਵੇਰਵੇ ਤੁਰੰਤ ਜਾਰੀ ਨਹੀਂ ਕੀਤੇ ਗਏ।