ਏਲੀ ਦੰਗਿਆਂ ਦੇ ਪਹਿਲੇ ਪੰਜ ਦੋਸ਼ੀਆਂ ਨੂੰ ਸਜ਼ਾਵਾਂ, ਅਦਾਲਤ ਵਿੱਚ ਜੱਜ ਖ਼ਿਲਾਫ਼ ਨਾਅਰੇਬਾਜ਼ੀ

 

ਲੈਸਟਰ (ਇੰਗਲੈਂਡ), 17 ਜੂਨ (ਸੁਖਜਿੰਦਰ ਸਿੰਘ ਢੱਡੇ)- ਵੇਲਜ਼ ਦੀ ਰਾਜਧਾਨੀ ਕਾਰਡਿਫ਼ ਦੇ ਏਲੀ ਇਲਾਕੇ ਵਿੱਚ ਤਿੰਨ ਸਾਲ ਪਹਿਲਾਂ ਹੋਏ ਹਿੰਸਕ ਦੰਗਿਆਂ ਨਾਲ ਸਬੰਧਿਤ ਪਹਿਲੇ ਪੰਜ ਦੋਸ਼ੀਆਂ ਨੂੰ ਕਾਰਡਿਫ਼ ਕਰਾਊਨ ਕੋਰਟ ਵੱਲੋਂ ਸਜ਼ਾਵਾਂ ਸੁਣਾਈਆਂ ਗਈਆਂ। ਸਜ਼ਾ ਸੁਣਾਏ ਜਾਣ ਦੌਰਾਨ ਅਦਾਲਤ ਅੰਦਰ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਕੁਝ ਲੋਕਾਂ ਨੇ ਜੱਜ ਵਿਰੁੱਧ ਅਪਮਾਨਜਨਕ ਟਿੱਪਣੀਆਂ ਅਤੇ ਨਾਅਰੇਬਾਜ਼ੀ ਕੀਤੀ।
ਇਹ ਦੰਗੇ ਮਈ 2023 ਵਿੱਚ 16 ਸਾਲਾ ਕਾਇਰੀਸ ਸੁਲੀਵਨ ਅਤੇ 15 ਸਾਲਾ ਹਾਰਵੇ ਇਵਾਨਜ਼ ਦੀ ਈ-ਬਾਈਕ ਹਾਦਸੇ ਵਿੱਚ ਮੌਤ ਤੋਂ ਬਾਅਦ ਭੜਕੇ ਸਨ। ਘਟਨਾ ਤੋਂ ਬਾਅਦ ਲਗਭਗ 150 ਲੋਕਾਂ ਦੀ ਭੀੜ ਨੇ ਪੁਲਿਸ 'ਤੇ ਹਮਲੇ ਕੀਤੇ ਅਤੇ ਵਿਆਪਕ ਤੋੜਫੋੜ ਕੀਤੀ ਸੀ।
ਅਦਾਲਤ ਨੇ ਐਸ਼ਡਨ ਓ'ਡੇਅਰ ਅਤੇ ਲੀ ਰੌਬਿਨਸਨ ਨੂੰ 6 ਸਾਲ 6 ਮਹੀਨੇ, ਮਾਈਕੇਲਾ ਗੋਂਜ਼ਾਲੇਸ ਨੂੰ 5 ਸਾਲ 2 ਮਹੀਨੇ, ਜੌਰਡਨ ਬ੍ਰੈਚਰ ਨੂੰ 5 ਸਾਲ 6 ਮਹੀਨੇ ਅਤੇ ਟਾਈਲਰ ਸਟੈਪਲਟਨ ਨੂੰ 4 ਸਾਲ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਜੱਜ ਨੇ ਕਿਹਾ ਕਿ ਇਹ ਸਾਰੇ ਦੋਸ਼ੀ ਦੰਗਿਆਂ ਦੌਰਾਨ ਪੁਲਿਸ ਉੱਤੇ ਹਮਲੇ ਕਰਨ, ਭੀੜ ਨੂੰ ਉਕਸਾਉਣ ਅਤੇ ਹਿੰਸਾ ਫੈਲਾਉਣ ਵਿੱਚ ਸਰਗਰਮ ਸਨ।
ਸੁਣਵਾਈ ਦੌਰਾਨ ਪੁਲਿਸ ਦੀ ਬਾਡੀ ਕੈਮਰਾ ਫੁਟੇਜ ਵੀ ਦਿਖਾਈ ਗਈ, ਜਿਸ ਵਿੱਚ ਪੁਲਿਸ ਉੱਤੇ ਪੱਥਰਾਂ, ਬੋਤਲਾਂ, ਇੱਟਾਂ ਅਤੇ ਹੋਰ ਵਸਤਾਂ ਨਾਲ ਹਮਲੇ ਹੁੰਦੇ ਨਜ਼ਰ ਆਏ। ਇੱਕ ਮੌਕੇ 'ਤੇ ਸੁੱਟੇ ਗਏ ਪੈਟਰੋਲ ਬੰਬ ਨਾਲ ਇੱਕ ਮਹਿਲਾ ਪੁਲਿਸ ਅਧਿਕਾਰੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ।
ਦੱਖਣੀ ਵੇਲਜ਼ ਪੁਲਿਸ ਮੁਤਾਬਕ ਦੰਗਿਆਂ ਦੌਰਾਨ ਕੀਤੀ ਗਈ ਕਾਰਵਾਈ 'ਤੇ 10 ਲੱਖ ਪੌਂਡ ਤੋਂ ਵੱਧ ਖਰਚ ਆਇਆ, ਜਦਕਿ ਸਫ਼ਾਈ ਅਤੇ ਮੁਰੰਮਤ ਕਾਰਜਾਂ 'ਤੇ ਕਾਰਡਿਫ਼ ਕੌਂਸਲ ਨੂੰ ਹਜ਼ਾਰਾਂ ਪੌਂਡ ਦਾ ਵਾਧੂ ਖਰਚਾ ਝੱਲਣਾ ਪਿਆ।
ਅਦਾਲਤ ਵਿੱਚ ਪਹਿਲੇ ਦੋਸ਼ੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਕੁਝ ਹਾਜ਼ਰ ਲੋਕਾਂ ਨੇ ਉਸ ਦੇ ਹੱਕ ਵਿੱਚ ਨਾਅਰੇ ਲਗਾਏ ਅਤੇ ਜੱਜ ਵਿਰੁੱਧ ਅਪਮਾਨਜਨਕ ਸ਼ਬਦ ਵਰਤੇ। ਇਸ ਤੋਂ ਬਾਅਦ ਜੱਜ ਨੇ ਦੋ ਵਿਅਕਤੀਆਂ ਨੂੰ ਅਦਾਲਤ ਦੀ ਤੌਹੀਨ ਦੇ ਸ਼ੱਕ ਹੇਠ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ।
ਇਸ ਮਾਮਲੇ ਵਿੱਚ ਕੁੱਲ 30 ਵਿਅਕਤੀਆਂ ਨੂੰ ਸਜ਼ਾ ਸੁਣਾਈ ਜਾਣੀ ਹੈ, ਜਦਕਿ ਇਸ ਤੋਂ ਪਹਿਲਾਂ 10 ਨਾਬਾਲਗਾਂ ਨੂੰ ਕਮਿਊਨਿਟੀ ਸਜ਼ਾਵਾਂ ਦਿੱਤੀਆਂ ਜਾ ਚੁੱਕੀਆਂ ਹਨ।