ਪ੍ਰਿੰਸ ਹੈਰੀ ਤੇ ਮੇਘਨ ਬੱਚਿਆਂ ਸਮੇਤ ਆ ਸਕਦੇ ਹਨ ਬ੍ਰਿਟੇਨ, ਸ਼ਾਹੀ ਪਰਿਵਾਰ ਨਾਲ ਮੁਲਾਕਾਤ ਦੀਆਂ ਚਰਚਾਵਾਂ ਤੇਜ਼

 
ਲੈਸਟਰ (ਇੰਗਲੈਂਡ), 17 ਜੂਨ (ਸੁਖਜਿੰਦਰ ਸਿੰਘ ਢੱਡੇ)-
ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਮਾਰਕਲ ਦੇ ਆਪਣੇ ਦੋ ਬੱਚਿਆਂ ਆਰਚੀ ਅਤੇ ਲਿਲੀਬੇਟ ਸਮੇਤ ਅਗਲੇ ਮਹੀਨੇ ਬ੍ਰਿਟੇਨ ਆਉਣ ਦੀਆਂ ਖਬਰਾਂ ਨੇ ਇੱਕ ਵਾਰ ਫਿਰ ਸ਼ਾਹੀ ਪਰਿਵਾਰ ਨੂੰ ਲੈ ਕੇ ਚਰਚਾਵਾਂ ਨੂੰ ਤੇਜ਼ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਸੈਕਸ ਪਰਿਵਾਰ ਜੁਲਾਈ ਦੇ ਮੱਧ ਵਿੱਚ ਬਰਮਿੰਘਮ ਪਹੁੰਚ ਸਕਦਾ ਹੈ, ਜਿੱਥੇ ਉਹ ਅਗਲੇ ਸਾਲ ਹੋਣ ਵਾਲੀਆਂ ਇਨਵਿਕਟਸ ਖੇਡਾਂ ਦੇ ਪ੍ਰਚਾਰ ਨਾਲ ਜੁੜੇ ਕਈ ਸਮਾਗਮਾਂ ਵਿੱਚ ਹਿੱਸਾ ਲੈਣਗੇ।
ਦੱਸਿਆ ਜਾ ਰਿਹਾ ਹੈ ਕਿ ਹੈਰੀ ਆਪਣੀ ਪਤਨੀ ਅਤੇ ਬੱਚਿਆਂ ਨੂੰ ਨਾਲ ਲੈ ਕੇ ਕੈਲੀਫੋਰਨੀਆ ਤੋਂ ਬ੍ਰਿਟੇਨ ਆਉਣ ਦੀ ਯੋਜਨਾ ਬਣਾ ਰਹੇ ਹਨ। ਜੇਕਰ ਇਹ ਦੌਰਾ ਹੁੰਦਾ ਹੈ ਤਾਂ ਇਹ ਲਗਭਗ ਚਾਰ ਸਾਲਾਂ ਬਾਅਦ ਹੋਵੇਗਾ ਜਦੋਂ ਹੈਰੀ ਅਤੇ ਮੇਘਨ ਇਕੱਠੇ ਆਪਣੇ ਬੱਚਿਆਂ ਸਮੇਤ ਬ੍ਰਿਟੇਨ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਦੋਵੇਂ ਸਤੰਬਰ 2022 ਵਿੱਚ ਬ੍ਰਿਟੇਨ ਆਏ ਸਨ, ਜਦੋਂ ਉਹ ਕੁਝ ਚੈਰਿਟੀ ਸਮਾਗਮਾਂ ਵਿੱਚ ਸ਼ਾਮਲ ਹੋਏ ਸਨ ਅਤੇ ਬਾਅਦ ਵਿੱਚ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਵੀ ਹਾਜ਼ਰ ਹੋਏ ਸਨ।
ਹੈਰੀ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਿੰਸ ਹੈਰੀ ਨੂੰ ਇਸ ਗੱਲ ਦਾ ਦੁੱਖ ਰਿਹਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਛਲੇ ਕੁਝ ਸਾਲਾਂ ਦੌਰਾਨ ਬ੍ਰਿਟੇਨ ਨਹੀਂ ਲਿਆ ਸਕੇ। ਉਹ ਕਾਫੀ ਸਮੇਂ ਤੋਂ ਚਾਹੁੰਦੇ ਸਨ ਕਿ ਆਰਚੀ ਅਤੇ ਲਿਲੀਬੇਟ ਉਸ ਦੇਸ਼ ਨੂੰ ਦੇਖਣ ਜਿੱਥੇ ਉਨ੍ਹਾਂ ਦਾ ਜਨਮ ਅਤੇ ਬਚਪਨ ਬੀਤਿਆ ਹੈ ਅਤੇ ਉਹ ਆਪਣੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੀ ਮਿਲ ਸਕਣ।
ਇਸ ਸੰਭਾਵੀ ਦੌਰੇ ਨਾਲ ਇੱਕ ਹੋਰ ਸਵਾਲ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਕੀ ਪ੍ਰਿੰਸ ਹੈਰੀ, ਮੇਘਨ ਅਤੇ ਉਨ੍ਹਾਂ ਦੇ ਬੱਚੇ ਰਾਜਾ ਚਾਰਲਜ਼ ਤੀਜੇ ਅਤੇ ਮਹਾਰਾਣੀ ਕੈਮਿਲਾ ਨਾਲ ਮੁਲਾਕਾਤ ਕਰਨਗੇ। ਪਿਛਲੇ ਕੁਝ ਸਾਲਾਂ ਦੌਰਾਨ ਹੈਰੀ ਅਤੇ ਸ਼ਾਹੀ ਪਰਿਵਾਰ ਦੇ ਸਬੰਧਾਂ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਇਸ ਮੁਲਾਕਾਤ ਨੂੰ ਲੈ ਕੇ ਕਾਫੀ ਦਿਲਚਸਪੀ ਹੈ।
ਹਾਲਾਂਕਿ ਬਕਿੰਘਮ ਪੈਲੇਸ ਜਾਂ ਹੈਰੀ ਅਤੇ ਮੇਗਨ ਜੋੜੇ ਵੱਲੋਂ ਇਸ ਦੌਰੇ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ, ਪਰ ਬ੍ਰਿਟਿਸ਼ ਮੀਡੀਆ ਵਿੱਚ ਇਸ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ। ਜੇਕਰ ਇਹ ਦੌਰਾ ਹੁੰਦਾ ਹੈ ਤਾਂ ਇਹ ਨਾ ਸਿਰਫ਼ ਇਨਵਿਕਟਸ ਖੇਡਾਂ ਲਈ ਅਹਿਮ ਹੋਵੇਗਾ, ਸਗੋਂ ਸ਼ਾਹੀ ਪਰਿਵਾਰ ਨਾਲ ਸਬੰਧਾਂ ਨੂੰ ਲੈ ਕੇ ਵੀ ਖਾਸ ਮਹੱਤਵ ਰੱਖੇਗਾ।