ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਅਕਾਲੀ ਦਲ ਵਾਰਸ ਪੰਜਾਬ ਦੇ ਵਰਕਰਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਤੋਂ ਨੈਤਿਕ ਆਧਾਰ &rsquoਤੇ ਅਸਤੀਫ਼ੇ ਦੀ ਮੰਗ ਕੀਤੀ ਗਈ। ਮੁਜ਼ਾਹਰਾਕਾਰੀਆਂ ਵਲੋਂ ਰਾਜਪਾਲ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਸਹਾਇਕ ਕਮਿਸ਼ਨਰ ਜਨਰਲ ਨੂੰ ਸੌਂਪਦਿਆਂ ਵਿਵਾਦਿਤ ਵੀਡੀਓ ਮਾਮਲੇ ਦੀ ਨਿਰਪੱਖ ਨਿਆਂਇਕ ਜਾਂਚ ਕਰਾਉਣ ਦੀ ਮੰਗ ਕੀਤੀ ਗਈ।

ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਅਤੇ ਵਰਕਰ ਸਥਾਨਕ ਕੌਲਾ ਪਾਰਕ ਵਿਖੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਲਾਲ ਬੱਤੀ ਚੌਂਕ ਪੁੱਜੇ। ਇਥੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ, ਨੌਜਵਾਨ ਆਗੂ ਚਮਨਦੀਪ ਸਿੰਘ ਮਿਲਖੀ ਨੱਤ ਅਤੇ ਹਰਮਨਪ੍ਰੀਤ ਸਿੰਘ ਡਿੱਕੀ ਜੇਜੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਤਹਿਤ ਵਿਵਾਦਿਤ ਵੀਡੀਓ ਦੀ ਫੋਰੈਂਸਿਕ ਜਾਂਚ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਰਿਪੋਰਟਾਂ ਦੇ ਆਧਾਰ ਤੇ ਦਾਅਵਾ ਕੀਤਾ ਹੈ ਕਿ ਵੀਡੀਓ ਨਾਲ ਕਿਸੇ ਵੀ ਕਿਸਮ ਦੀ ਐਡਿਟਿੰਗ, ਟੈਂਪਰਿੰਗ ਜਾਂ ਡੀਪਫੇਕ ਰਾਹੀਂ ਛੇੜਛਾੜ ਹੋਣ ਦੇ ਸਬੂਤ ਸਾਹਮਣੇ ਨਹੀਂ ਆਏ। ਆਗੂਆਂ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਇਸ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਲਿਆਉਣਾ ਅਤੇ ਜਵਾਬਦੇਹੀ ਤੈਅ ਕਰਨੀ ਲਾਜ਼ਮੀ ਬਣ ਜਾਂਦੀ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਮੰਗ ਕੀਤੀ ਹੈ ਕਿ ਫੋਰੈਂਸਿਕ ਰਿਪੋਰਟਾਂ ਅਤੇ ਉਪਲਬਧ ਤੱਥਾਂ ਦੇ ਆਧਾਰ 'ਤੇ ਮੁੱਖ ਮੰਤਰੀ ਪੰਜਾਬ ਖ਼ਿਲਾਫ਼ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਤੁਰੰਤ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਨਿਰਪੱਖ ਅਤੇ ਸਮਾਂਬੱਧ ਢੰਗ ਨਾਲ ਕਰਵਾਈ ਜਾਵੇ ।