ਬੇਲਫਾਸਟ ਹਿੰਸਾ ਤੋਂ ਬਾਅਦ ਭਾਰਤੀ ਮਹਿਲਾਵਾਂ ਨੇ ਸ਼ਹਿਰ ਛੱਡਣ ਬਣਾਇਆ ਮਨ

 
ਲੈਸਟਰ (ਇੰਗਲੈਂਡ), 17 ਜੂਨ (ਸੁਖਜਿੰਦਰ ਸਿੰਘ ਢੱਡੇ)- ਉੱਤਰੀ ਆਇਰਲੈਂਡ ਦੇ ਬੇਲਫਾਸਟ ਵਿੱਚ ਹਾਲੀਆ ਹਿੰਸਕ ਘਟਨਾਵਾਂ ਦੌਰਾਨ ਆਪਣੇ ਘਰ ਨੂੰ ਅੱਗ ਲੱਗਣ ਕਾਰਨ ਬੇਘਰ ਹੋਈਆਂ ਦੋ ਭਾਰਤੀ ਮਹਿਲਾਵਾਂ ਨੇ ਕਿਹਾ ਹੈ ਕਿ ਹੁਣ ਉਹ ਸ਼ਹਿਰ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਅਤੇ ਬੇਲਫਾਸਟ ਛੱਡਣ ਬਾਰੇ ਸੋਚ ਰਹੀਆਂ ਹਨ।
ਤੇਜਲ ਅਤੇ ਨਿਸ਼ਾਥ, ਜੋ ਡੋਨੇਗਾਲ ਰੋਡ ਸਥਿਤ ਸ਼ਾਮ ਸੁਪਰਮਾਰਕੀਟ ਦੇ ਉੱਪਰਲੇ ਫਲੈਟ ਵਿੱਚ ਰਹਿੰਦੀਆਂ ਸਨ, 9 ਜੂਨ ਨੂੰ ਉਸ ਵੇਲੇ ਘਰ ਅੰਦਰ ਮੌਜੂਦ ਸਨ ਜਦੋਂ ਨਕਾਬਪੋਸ਼ ਲੋਕਾਂ ਦੇ ਇੱਕ ਗਰੁੱਪ ਨੇ ਇਮਾਰਤ ਦੇ ਬਾਹਰ ਕੂੜਾਦਾਨ ਨੂੰ ਅੱਗ ਲਗਾ ਦਿੱਤੀ। ਅੱਗ ਕਾਰਨ ਉਨ੍ਹਾਂ ਦਾ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਉਨ੍ਹਾਂ ਦਾ ਸਾਰਾ ਸਮਾਨ ਧੂੰਏਂ ਨਾਲ ਪ੍ਰਭਾਵਿਤ ਹੋ ਗਿਆ।
ਨਿਸ਼ਾਥ ਨੇ ਦੱਸਿਆ ਕਿ ਉਹ ਪਿਛਲੇ ਛੇ ਸਾਲਾਂ ਤੋਂ ਬੇਲਫਾਸਟ ਵਿੱਚ ਰਹਿ ਰਹੀ ਹੈ ਅਤੇ ਇਸ ਸ਼ਹਿਰ ਨੂੰ ਆਪਣਾ ਘਰ ਮੰਨਦੀ ਸੀ, ਪਰ ਇਸ ਘਟਨਾ ਤੋਂ ਬਾਅਦ ਉਹ ਘਰ ਦੇ ਨੇੜੇ ਦੁਕਾਨ ਤੱਕ ਜਾਣ ਤੋਂ ਵੀ ਡਰਦੀ ਹੈ। ਤੇਜਲ ਨੇ ਇਸ ਘਟਨਾ ਨੂੰ ਆਪਣੇ ਜੀਵਨ ਦੀਆਂ ਸਭ ਤੋਂ ਭਿਆਨਕ ਰਾਤਾਂ ਵਿੱਚੋਂ ਇੱਕ ਦੱਸਿਆ ਅਤੇ ਕਿਹਾ ਕਿ ਹੁਣ ਉਸ ਦਾ ਬੇਲਫਾਸਟ ਵਿੱਚ ਰਹਿਣ ਦਾ ਮਨ ਨਹੀਂ ਕਰਦਾ।
ਦੋਵਾਂ ਮਹਿਲਾਵਾਂ ਨੂੰ ਘਰ ਖਾਲੀ ਕਰਵਾਉਣ ਤੋਂ ਬਾਅਦ ਸਥਾਨਕ ਕਮਿਊਨਟੀ ਆਗੂ ਦੀ ਮਦਦ ਨਾਲ ਅਸਥਾਈ ਰਿਹਾਇਸ਼ ਦਿੱਤੀ ਗਈ। ਉਨ੍ਹਾਂ ਕਿਹਾ ਕਿ ਘਰ ਵਿੱਚ ਮੌਜੂਦ ਉਨ੍ਹਾਂ ਦੀਆਂ ਯਾਦਾਂ ਅਤੇ ਨਿੱਜੀ ਵਸਤਾਂ ਤਬਾਹ ਹੋ ਗਈਆਂ ਹਨ, ਜਿਸ ਕਾਰਨ ਉਹ ਗਹਿਰੇ ਸਦਮੇ ਵਿੱਚ ਹਨ।
ਇਸ ਦੇ ਬਾਵਜੂਦ ਦੋਵਾਂ ਨੇ ਬੇਲਫਾਸਟ ਦੇ ਆਮ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਖਾਣ-ਪੀਣ ਅਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀਆਂ ਹਰਕਤਾਂ ਕਾਰਨ ਪੂਰੇ ਸ਼ਹਿਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ