ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਸਲਾਨਾ ਬਰਸੀ ਨੂੰ ਸਮਰਪਿਤ ਲਵੀਨੀਓ (ਰੋਮ) ਵਿਖੇ ਕਰਵਾਇਆ ਗਿਆ ਵਿਸ਼ੇਸ਼ ਗੁਰਮਤਿ ਸਮਾਗਮ

 
ਰੋਮ 18 ਜੂਨ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਪ੍ਰਸਿੱਧ ਸ਼ਹਿਰ ਲਵੀਨੀਓ ਵਿਖੇ ਸਥਿਤ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਵਿਖੇ ਮਹਾਨ ਤਪੱਸਵੀ ਅਤੇ ਨਾਮ-ਬਾਣੀ ਦੇ ਰਸੀਏ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਸਲਾਨਾ ਯਾਦ ਨੂੰ ਸਮਰਪਿਤ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਬੜੀ ਸ਼ਰਧਾ-ਭਾਵਨਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿੱਚ ਇਟਲੀ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਤੋਂ ਬਾਅਦ ਵਿਸ਼ੇਸ਼ ਦੀਵਾਨ ਸਜਾਏ ਗਏ ਜਿਨ੍ਹਾਂ ਵਿੱਚ ਢਾਡੀ ਸੁਖਜਿੰਦਰ ਸਿੰਘ ਨੂਰ ਵੱਲੋਂ ਸੰਗਤਾਂ ਨੂੰ ਗੁਰ-ਇਤਿਹਾਸ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਪੰਥ ਪ੍ਰਤੀ ਦਿੱਤੀਆਂ ਮਹਾਨ ਸੇਵਾਵਾਂ ਬਾਰੇ ਢਾਡੀ ਵਾਰਾਂ ਰਾਹੀਂ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਜੱਥੇ ਦੇ ਜੋਸ਼ੀਲੇ ਅਤੇ ਵੈਰਾਗਮਈ ਗਾਇਨ ਨੇ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ ਅਤੇ ਪੂਰਾ ਪੰਡਾਲ "ਬੋਲੇ ਸੋ ਨਿਹਾਲ" ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਨੌਜਵਾਨਾਂ ਵੱਲ ਵੱਖ-ਵੱਖ ਤਰ੍ਹਾਂ ਦੇ ਸਟਾਲ ਲਾਕੇ ਸੇਵਾਵਾਂ ਵਿੱਚ ਹਿੱਸਾ ਪਾਇਆ ਗਿਆ ਰਿੱਚੀ ਫਾਰਮ ਵਾਲੇ ਸੇਵਾਦਾਰਾਂ ਵੱਲੋਂ ਵੀ ਸੇਵਾਵਾਂ ਨਿਭਾਈਆਂ ਗਈਆਂ ਨੇੜਲੇ ਸਮੂਹ ਗੁਰਦੁਆਰਾ ਸਾਹਿਬ ਤੋ ਪ੍ਰਬੰਧਕ ਕਮੇਟੀਆਂ ਨੇ ਪਹੁੱਚ ਕਰਕੇ ਹਾਜ਼ਰੀਆਂ ਭਰੀਆਂ । ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰਾਂ ਅਤੇ ਢਾਡੀ ਸੁਖਜਿੰਦਰ ਸਿੰਘ ਨੂਰ ਦੇ ਜੱਥੇ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।