ਯੂਕਰੇਨ ਨੇ ਰੂਸ 'ਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ

ਮਾਸਕੋ : ਯੂਕਰੇਨ ਨੇ ਵੀਰਵਾਰ ਨੂੰ ਰੂਸ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ। ਰੂਸ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ ਰਾਤ ਭਰ ਵਿੱਚ ਲਗਭਗ 1,000 ਡਰੋਨ ਅਤੇ ਚਾਰ ਕਰੂਜ਼ ਮਿਜ਼ਾਈਲਾਂ ਨੂੰ ਤਬਾਹ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਕਰੀਬ 200 ਡਰੋਨ ਰਾਜਧਾਨੀ ਮਾਸਕੋ ਵੱਲ ਵੱਧ ਰਹੇ ਸਨ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ, "ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ, ਪਰ ਜੇਕਰ ਯੂਕਰੇਨ ਸੜੇਗਾ ਤਾਂ ਮਾਸਕੋ ਵੀ ਸੜੇਗਾ।"

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਦੱਖਣੀ ਰੋਸਤੋਵ ਖੇਤਰ ਦਾ ਇੱਕ ਤੇਲ ਡਿਪੂ ਧਮਾਕੇ ਨਾਲ ਤਬਾਹ ਹੋ ਗਿਆ। ਇੱਥੇ ਮੌਜੂਦ ਇੱਕ ਵਿਅਕਤੀ ਦੀ ਮੌਤ ਹੋ ਗਈ। ਮਾਸਕੋ ਦੀ ਕਪੋਤਨਿਆ ਆਇਲ ਰਿਫਾਇਨਰੀ 'ਤੇ ਵੀ ਹਮਲਾ ਹੋਇਆ। ਵਿਸਫੋਟ ਤੋਂ ਬਾਅਦ ਆਇਲ ਡਿਪੂ ਟੈਂਕ ਦਾ ਢੱਕਣ ਕਈ ਮੀਟਰ ਉੱਪਰ ਉੱਡ ਗਿਆ ਅਤੇ ਅਸਮਾਨ ਵਿੱਚ ਕਾਲੇ ਧੂੰਏਂ ਦੇ ਗੁਬਾਰ ਛਾ ਗਏ। ਰਿਪੋਰਟਾਂ ਦੇ ਮੁਤਾਬਕ, ਨੇੜੇ ਦੇ ਇੱਕ ਸ਼ਾਪਿੰਗ ਸੈਂਟਰ ਵਿੱਚ ਵੀ ਅੱਗ ਲੱਗ ਗਈ। ਡਰੋਨ ਦਾ ਮਲਬਾ ਡਿੱਗਣ ਕਾਰਨ ਕੁਝ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਕਈ ਉੱਚੀਆਂ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ। ਹਮਲੇ ਤੋਂ ਬਾਅਦ ਮਾਸਕੋ ਦੇ ਹਵਾਈ ਅੱਡਿਆਂ 'ਤੇ ਕੁਝ ਸਮੇਂ ਲਈ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ।