ਦੇਹ ਵਪਾਰ ਮਾਮਲੇ 'ਚ ਰੂਪਨਗਰ ਪੁਲੀਸ ਵੱਲੋਂ ਸਾਬਕਾ MLA ਅਮਰਜੀਤ ਸਿੰਘ ਸੰਦੋਆ ਤਲਬ

ਵਿਧਾਨ ਸਭਾ ਹਲਕਾ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਰੂਪਨਗਰ ਦੇ ਡੀ ਐੱਸ ਪੀ ਦੀਪਇੰਦਰ ਸਿੰਘ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਜ ਹੋਏ ਇੱਕ ਦੇਹ ਵਪਾਰ ਦੇ ਕੇਸ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਰੂਪਨਗਰ ਪੁਲੀਸ ਨੇ ਨੋਟਿਸ ਵਿੱਚ ਸਪਸ਼ਟ ਕੀਤਾ ਹੈ ਕਿ ਐੱਸ ਐੱਸ ਪੀ ਰੂਪਨਗਰ ਦੁਆਰਾ ਐੱਫ ਆਈ ਆਰ ਦੀ ਤਫ਼ਤੀਸ਼ ਥਾਣਾ ਆਨੰਦਪੁਰ ਸਾਹਿਬ ਦੇ ਐੱਸ ਐੱਚ ਓ ਅਤੇ ਥਾਣਾ ਸਦਰ ਦੇ ਐੱਸ ਐੱਚ ਓ ਨੂੰ ਸੌਂਪ ਦਿੱਤੀ ਗਈ ਹੈ।
ਸਾਬਕਾ ਵਿਧਾਇਕ ਸੰਦੋਆ ਨੂੰ ਰੂਪਨਗਰ ਦੇ ਡੀ ਐੱਸ ਪੀ ਦੀਪਇੰਦਰ ਸਿੰਘ ਵੱਲੋਂ 22 ਜੂਨ ਨੂੰ ਸਵੇਰੇ 11 ਵਜੇ ਆਪਣੇ ਦਫ਼ਤਰ ਵਿੱਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਥਾਣਾ ਸਦਰ ਰੂਪਨਗਰ ਦੇ ਐੱਸ ਐੱਚ ਓ ਦੀ ਡਿਊਟੀ ਲਗਾਈ ਗਈ ਹੈ। ਇਸ ਦੇ ਨਾਲ ਹੀ ਸ੍ਰੀ ਆਨੰਦਪੁਰ ਸਾਹਿਬ ਦੇ ਐੱਸ ਐੱਚ ਓ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ 17 ਫਰਵਰੀ 2026 ਨੂੰ ਦਰਜ ਹੋਈ ਐੱਫ ਆਈ ਆਰ ਨੰਬਰ 32 ਦਾ ਰਿਕਾਰਡ ਲੈ ਕੇ ਆਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਜਾਂਚ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਸਾਰੇ ਪੱਖਾਂ ਦੇ ਬਿਆਨ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸਾਬਕਾ ਵਿਧਾਇਕ ਨੂੰ ਨੋਟਿਸ ਜਾਰੀ ਹੋਣ ਉਪਰੰਤ ਰਾਜਨੀਤਕ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾਵਾਂ ਦਾ ਦੌਰ ਤੇਜ਼ ਹੋ ਗਿਆ ਹੈ।