ਰੀਫਾਰਮ ਯੂਕੇ ਦੇ ਬਿਆਨ ਕਰ ਰਹੇ ਹਨ ਸਿੱਖਾਂ ਵਿਰੁੱਧ ਨਫਰਤ ਦਾ ਪ੍ਰਚਾਰ: ਸਿੱਖ ਫੈਡਰੇਸ਼ਨ ਯੂਕੇ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):&ndash ਸਿੱਖ ਫੈਡਰੇਸ਼ਨ (ਯੂਕੇ) ਨੇ ਰੀਫਾਰਮ ਯੂਕੇ ਦੇ ਆਗੂਆਂ ਵੱਲੋਂ ਪਵਿੱਤਰ ਸਿੱਖ ਕਿਰਪਾਨ ਬਾਰੇ ਦਿੱਤੀਆਂ ਟਿੱਪਣੀਆਂ ਅਤੇ ਹੈਨਰੀ ਨੋਵਾਕ ਦੇ ਕਤਲ ਮਾਮਲੇ ਤੋਂ ਬਾਅਦ ਵਰਤੀ ਗਈ ਭੜਕਾਊ ਭਾਸ਼ਾ ਦੀ ਸਖ਼ਤ ਨਿੰਦਾ ਕਰਦਿਆਂ ਦੋਸ਼ ਲਗਾਇਆ ਹੈ ਕਿ ਅਜਿਹੇ ਬਿਆਨਾਂ ਕਾਰਨ ਬ੍ਰਿਟੇਨ ਸਮੇਤ ਵਿਦੇਸ਼ਾਂ ਵਿੱਚ ਸਿੱਖਾਂ ਖ਼ਿਲਾਫ਼ ਨਫ਼ਰਤੀ ਘਟਨਾਵਾਂ ਅਤੇ ਹਮਲਿਆਂ ਵਿੱਚ ਵਾਧਾ ਹੋਇਆ ਹੈ। ਸੰਗਠਨ ਦੇ ਮੁੱਖ ਰਾਜਨੀਤਿਕ ਸੰਪਰਕ ਅਧਿਕਾਰੀ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਗੈਰ-ਜ਼ਿੰਮੇਵਾਰਾਨਾ ਬਿਆਨ ਸਮਾਜਿਕ ਵੰਡ ਨੂੰ ਹੋਰ ਗਹਿਰਾ ਕਰ ਰਹੇ ਹਨ ਅਤੇ ਇਸ ਦਾ ਸਿੱਧਾ ਅਸਰ ਸਿੱਖ ਭਾਈਚਾਰੇ ਦੀ ਸੁਰੱਖਿਆ ਉੱਤੇ ਪੈ ਰਿਹਾ ਹੈ। ਸਿੱਖ ਫੈਡਰੇਸ਼ਨ ਨੇ ਹੈਨਰੀ ਨੋਵਾਕ ਦੀ ਮੌਤ ਨਾਲ ਜੁੜੇ ਪੂਰੇ ਮਾਮਲੇ ਦੀ ਜਨਤਕ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਦੁਖਦਾਈ ਘਟਨਾ ਸਬੰਧੀ ਸੱਚਾਈ ਸਾਹਮਣੇ ਆਉਣੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣਾ ਲਾਜ਼ਮੀ ਹੈ। ਫੈਡਰੇਸ਼ਨ ਅਨੁਸਾਰ ਇੱਕ ਸਰਵੇਖਣ ਦੌਰਾਨ ਸਿੱਖ ਭਾਈਚਾਰੇ ਵਿਰੁੱਧ ਚਾਰ ਸੌ ਤੋਂ ਵੱਧ ਨਫ਼ਰਤੀ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਸਬੰਧੀ ਵਿਸਥਾਰਤ ਰਿਪੋਰਟ ਅਗਲੇ ਹਫ਼ਤੇ ਜਨਤਕ ਕੀਤੀ ਜਾਵੇਗੀ। ਸੰਗਠਨ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਨਫ਼ਰਤ ਅਤੇ ਵੰਡ ਨੂੰ ਹਵਾ ਦੇਣ ਵਾਲੇ ਬਿਆਨਾਂ ਦਾ ਡਟ ਕੇ ਵਿਰੋਧ ਕਰਨ ਅਤੇ ਸਮਾਜਿਕ ਸਾਂਝ ਤੇ ਏਕਤਾ ਨੂੰ ਮਜ਼ਬੂਤ ਬਣਾਉਣ ਲਈ ਸਾਂਝੇ ਯਤਨ ਕਰਨ। ਫੈਡਰੇਸ਼ਨ ਨੇ ਇਹ ਵੀ ਕਿਹਾ ਕਿ ਹੈਨਰੀ ਨੋਵਾਕ ਦੇ ਪਰਿਵਾਰ ਨੇ ਇਸ ਦੁਖਦਾਈ ਘਟਨਾ ਨੂੰ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਜਾਂ ਭਾਈਚਾਰਕ ਵੰਡ ਦਾ ਕਾਰਨ ਬਣਾਉਣ ਦਾ ਵਿਰੋਧ ਕੀਤਾ ਹੈ। ਸੰਗਠਨ ਨੇ ਜ਼ੋਰ ਦਿੱਤਾ ਕਿ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਸੰਜਮ ਅਤੇ ਜ਼ਿੰਮੇਵਾਰ ਭਾਸ਼ਾ ਦੀ ਵਰਤੋਂ ਬੇਹੱਦ ਜ਼ਰੂਰੀ ਹੈ। ਸਿੱਖ ਫੈਡਰੇਸ਼ਨ ਨੇ ਕਿਹਾ ਕਿ ਉਹ ਸਿੱਖਾਂ ਵਿਰੁੱਧ ਵਧ ਰਹੀਆਂ ਨਫ਼ਰਤੀ ਘਟਨਾਵਾਂ ਦੇ ਕਾਰਨਾਂ ਸਬੰਧੀ ਹੋਰ ਤੱਥ ਸਾਹਮਣੇ ਲਿਆਉਂਦੀ ਰਹੇਗੀ ਅਤੇ ਭਾਈਚਾਰੇ ਦੀ ਸੁਰੱਖਿਆ ਲਈ ਸਰਕਾਰ ਤੋਂ ਸਖ਼ਤ ਅਤੇ ਪ੍ਰਭਾਵਸ਼ਾਲੀ ਕਦਮਾਂ ਦੀ ਮੰਗ ਜਾਰੀ ਰੱਖੇਗੀ।