ਚਿੜੀਆਘਰ ’ਚ ਵਾਪਰਿਆ ਭਿਆਨਕ ਹਾਦਸਾ, 3 ਸਾਲਾ ਮਾਸੂਮ ਬੱਚੇ ਨੂੰ ਮਗਰਮੱਛਾ ਦੇ ਘੇਰੇ ਚ ਸੁੱਟਿਆ *ਦਲੇਰ ਔਰਤ ਨੇ ਬਚਾਈ ਬੱਚੇ ਦੀ ਜਾਨ *ਮਗਰਮੱਛਾਂ ਦੇ ਘੇਰੇ ’ਚ ਸੁੱਟਣ ਦੇ ਦੋਸ਼ ਹੇਠ ਵਿਅਕਤੀ ਗਿ੍ਫਤਾਰ

 
ਲੈਸਟਰ (ਇੰਗਲੈਂਡ), 19 ਜੂਨ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਕੈਂਬਰਿਜਸ਼ਾਇਰ ਸਥਿਤ ਜੌਨਸਨਜ਼ ਆਫ਼ ਓਲਡ ਹਰਸਟ ਚਿੜੀਆਘਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਦੌਰਾਨ 3 ਸਾਲਾ ਬੱਚੇ ਨੂੰ ਕਥਿਤ ਤੌਰ &rsquoਤੇ ਇੱਕ 30 ਸਾਲਾ ਵਿਅਕਤੀ ਨੇ ਮਗਰਮੱਛਾਂ ਦੇ ਘੇਰੇ ਵਿੱਚ ਸੁੱਟ ਦਿੱਤਾ। ਇਸ ਘਟਨਾ ਵਿੱਚ ਬੱਚਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਪਰ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਸ਼ੱਕੀ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਹਾਲਾਂਕਿ ਪੁਲਿਸ ਅਨੁਸਾਰ ਉਸ ਦੀ ਮਾਨਸਿਕ ਹਾਲਤ ਕਾਰਨ ਉਹ ਪੁੱਛਗਿੱਛ ਲਈ ਫਿੱਟ ਨਹੀਂ ਪਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ &rsquoਤੇ ਰਿਹਾਅ ਕਰ ਦਿੱਤਾ ਗਿਆ ਹੈ। ਜਾਂਚ ਜਾਰੀ ਹੈ।
ਰਿਪੋਰਟਾਂ ਮੁਤਾਬਕ ਘਟਨਾ ਸਮੇਂ ਸ਼ੱਕੀ ਵਿਅਕਤੀ ਆਪਣੇ ਕੇਅਰਰ ਨਾਲ ਚਿੜੀਆਘਰ ਵਿੱਚ ਮੌਜੂਦ ਸੀ, ਪਰ ਉਸ ਵੇਲੇ ਉਸ &rsquoਤੇ ਨਿਗਰਾਨੀ ਨਹੀਂ ਕੀਤੀ ਜਾ ਰਹੀ ਸੀ। ਦੱਸਿਆ ਗਿਆ ਹੈ ਕਿ ਬੱਚੇ ਨੂੰ ਲਗਭਗ 15 ਫੁੱਟ ਹੇਠਾਂ ਮਗਰਮੱਛਾਂ ਵਾਲੇ ਖੇਤਰ ਵਿੱਚ ਸੁੱਟਿਆ ਗਿਆ, ਜਿਸ ਕਾਰਨ ਉਸ ਦੀ ਬਾਂਹ ਅਤੇ ਪੈਲਵਿਸ ਦੀ ਹੱਡੀ ਟੁੱਟ ਗਈ।
ਚਿੜੀਆਘਰ ਮਾਲਕ ਦੀ ਪਤਨੀ ਟਰੇਸੀ ਜੌਨਸਨ ਨੇ ਦਲੇਰੀ ਦਿਖਾਉਂਦਿਆਂ ਤੁਰੰਤ ਘੇਰੇ ਵਿੱਚ ਛਾਲ ਮਾਰ ਕੇ ਬੱਚੇ ਨੂੰ ਬਾਹਰ ਕੱਢਿਆ। ਇਸ ਕਾਰਨ ਮਗਰਮੱਛ ਬੱਚੇ ਤੱਕ ਨਹੀਂ ਪਹੁੰਚ ਸਕੇ ਅਤੇ ਵੱਡਾ ਹਾਦਸਾ ਟਲ ਗਿਆ।
ਕੈਂਬਰਿਜਸ਼ਾਇਰ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਨੂੰ ਵਿਸ਼ੇਸ਼ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਚਿੜੀਆਘਰ ਪ੍ਰਬੰਧਨ ਨੇ ਵੀ ਬੱਚੇ ਅਤੇ ਉਸ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀਆਂ ਦੁਆਵਾਂ ਪਰਿਵਾਰ ਨਾਲ ਹਨ।
ਇਹ ਚਿੜੀਆਘਰ ਆਪਣੇ ਨਾਈਲ ਅਤੇ ਸਿਆਮੀ ਮਗਰਮੱਛਾਂ ਲਈ ਮਸ਼ਹੂਰ ਹੈ ਅਤੇ ਇੱਥੇ 100 ਤੋਂ ਵੱਧ ਜਾਨਵਰ ਰੱਖੇ ਗਏ ਹਨ।