ਬਰਨਹਮ ਦੀ ਸ਼ਾਨਦਾਰ ਜਿੱਤ ਨੇ ਲੇਬਰ ਪਾਰਟੀ ਅੰਦਰ ਛੇੜੀ ਨਵੀਂ ਚਰਚਾ

 ਲੈਸਟਰ (ਇੰਗਲੈਂਡ), 19 ਜੂਨ (ਸੁਖਜਿੰਦਰ ਸਿੰਘ ਢੱਡੇ)- ਮੇਕਰਫ਼ੀਲਡ ਜ਼ਿਮਨੀ ਚੋਣ ਵਿੱਚ ਲੇਬਰ ਪਾਰਟੀ ਦੇ ਉਮੀਦਵਾਰ ਐਂਡੀ ਬਰਨਹਮ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਬ੍ਰਿਟਿਸ਼ ਸਿਆਸਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਗ੍ਰੇਟਰ ਮੈਨਚੈਸਟਰ ਦੇ ਸਾਬਕਾ ਮੇਅਰ ਬਰਨਹਮ ਨੇ 55 ਫ਼ੀਸਦੀ ਵੋਟਾਂ ਪ੍ਰਾਪਤ ਕਰਕੇ ਰਿਫ਼ਾਰਮ ਯੂ.ਕੇ. ਦੇ ਉਮੀਦਵਾਰ ਰਾਬਰਟ ਕੇਨਿਯਨ ਨੂੰ 9 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।

ਚੋਣ ਨਤੀਜੇ ਤੋਂ ਬਾਅਦ ਲੇਬਰ ਪਾਰਟੀ ਅੰਦਰ ਲੀਡਰਸ਼ਿਪ ਨੂੰ ਲੈ ਕੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਬਰਨਹਮ ਪਹਿਲਾਂ ਹੀ ਇਹ ਸੰਕੇਤ ਦੇ ਚੁੱਕੇ ਹਨ ਕਿ ਜੇਕਰ ਲੇਬਰ ਲੀਡਰਸ਼ਿਪ ਲਈ ਮੁਕਾਬਲਾ ਹੁੰਦਾ ਹੈ ਤਾਂ ਉਹ ਇਸ ਵਿੱਚ ਹਿੱਸਾ ਲੈਣਗੇ। ਪਾਰਟੀ ਦੇ ਨਿਯਮਾਂ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਲਈ ਘੱਟੋ-ਘੱਟ 81 ਲੇਬਰ ਸੰਸਦ ਮੈਂਬਰਾਂ ਦੀ ਹਮਾਇਤ ਲੋੜੀਂਦੀ ਹੋਵੇਗੀ।
ਆਪਣੇ ਜਿੱਤ ਭਾਸ਼ਣ ਦੌਰਾਨ ਬਰਨਹਮ ਨੇ ਕਿਹਾ ਕਿ ਦੇਸ਼ ਦੇ ਲੋਕ ਮਹਿਸੂਸ ਕਰਦੇ ਹਨ ਕਿ ਮੌਜੂਦਾ ਸਿਆਸੀ ਪ੍ਰਣਾਲੀ ਢੰਗ ਨਾਲ ਕੰਮ ਨਹੀਂ ਕਰ ਰਹੀ ਅਤੇ ਇਹ ਨਤੀਜਾ ਤਬਦੀਲੀ ਵੱਲ ਇੱਕ ਅਹਿਮ ਮੋੜ ਸਾਬਤ ਹੋ ਸਕਦਾ ਹੈ। ਉਨ੍ਹਾਂ ਲੇਬਰ ਪਾਰਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਦਲਾਅ ਦਾ ਆਖ਼ਰੀ ਮੌਕਾ ਹੈ ਅਤੇ ਦੂਜਾ ਮੌਕਾ ਨਹੀਂ ਮਿਲੇਗਾ।
ਉਧਰ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਬਰਨਹਮ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਵੋਟਰਾਂ ਨੇ ਵੰਡ ਦੀ ਰਾਜਨੀਤੀ ਦੀ ਥਾਂ ਉਮੀਦ ਅਤੇ ਆਸ਼ਾਵਾਦ ਦੇ ਸੰਦੇਸ਼ ਨੂੰ ਚੁਣਿਆ ਹੈ। ਹਾਲਾਂਕਿ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਵੱਲੋਂ ਲੀਡਰਸ਼ਿਪ ਬਦਲਾਅ ਦੀ ਮੰਗ ਵੀ ਉੱਠਣੀ ਸ਼ੁਰੂ ਹੋ ਗਈ ਹੈ।
ਮੇਕਰਫ਼ੀਲਡ ਵਿੱਚ ਕੁੱਲ 45 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਅਤੇ ਵੋਟਿੰਗ ਪ੍ਰਤੀਸ਼ਤ 58.8 ਫ਼ੀਸਦੀ ਦਰਜ ਕੀਤਾ ਗਿਆ। ਬਰਨਹਮ ਨੂੰ 24,927 ਵੋਟਾਂ ਮਿਲੀਆਂ, ਜਦਕਿ ਰਿਫ਼ਾਰਮ ਯੂ.ਕੇ. ਦੇ ਰਾਬਰਟ ਕੇਨਿਯਨ ਨੂੰ 15,696 ਵੋਟਾਂ ਪ੍ਰਾਪਤ ਹੋਈਆਂ।
ਇਸ ਜਿੱਤ ਨਾਲ ਬਰਨਹਮ ਦੀ ਵੈਸਟਮਿਨਸਟਰ ਵਿੱਚ ਵਾਪਸੀ ਹੋ ਗਈ ਹੈ, ਜਦਕਿ ਉਨ੍ਹਾਂ ਦੇ ਸੰਸਦ ਮੈਂਬਰ ਬਣਨ ਕਾਰਨ ਗ੍ਰੇਟਰ ਮੈਨਚੈਸਟਰ ਦੇ ਮੇਅਰ ਦੀ ਖਾਲੀ ਹੋਈ ਸੀਟ ਲਈ 30 ਜੁਲਾਈ ਨੂੰ ਨਵੀਂ ਚੋਣ ਕਰਵਾਏ ਜਾਣ ਦੀ ਸੰਭਾਵਨਾ ਹੈ।
ਉਧਰ ਸਕਾਟਲੈਂਡ ਵਿੱਚ ਐਬਰਡੀਨ ਸਾਊਥ ਜ਼ਿਮਨੀ ਚੋਣ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਡਗਲਸ ਲਮਸਡਨ ਨੇ ਜਿੱਤ ਦਰਜ ਕੀਤੀ, ਜਦਕਿ ਐਸ.ਐਨ.ਪੀ. ਨੇ ਆਰਬਰੋਥ ਅਤੇ ਬਰੌਟੀ ਫੈਰੀ ਸੀਟ ਆਪਣੇ ਕਬਜ਼ੇ ਵਿੱਚ ਬਰਕਰਾਰ ਰੱਖੀ।