ਅੰਮ੍ਰਿਤਸਰ ਵਿੱਚ ਸਰਹੱਦ ਨੇੜਿਓਂ ਏਕੇ-47 ਰਾਈਫਲ ਸਮੇਤ 26 ਆਧੁਨਿਕ ਹਥਿਆਰ ਬਰਾਮਦ, ਇੱਕ ਵਿਅਕਤੀ ਕਾਬੂ

ਸਰਹੱਦ ਪਾਰੋਂ ਹਥਿਆਰ ਤਸਕਰੀ ਵਿਰੁੱਧ ਵੱਡੀ ਸਫਲਤਾ ਦਰਜ ਕਰਦਿਆਂ ਸੀਮਾ ਸੁਰੱਖਿਆ ਬਲ (ਬੀਐਸਐਫ) ਪੰਜਾਬ ਨੇ ਪੰਜਾਬ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਏਕੇ-47 ਰਾਈਫਲ ਅਤੇ 25 ਪਿਸਤੌਲਾਂ ਸਮੇਤ ਕੁੱਲ 26 ਆਧੁਨਿਕ ਹਥਿਆਰ ਬਰਾਮਦ ਕੀਤੇ ਹਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਅੱਤਵਾਦੀ ਗਤੀਵਿਧੀਆਂ ਵਿਰੁੱਧ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ। ਇਹ ਕਾਰਵਾਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਵੱਲੋਂ ਅਮਲ ਵਿੱਚ ਲਿਆਂਦੀ ਗਈ।
ਦੋਸ਼ੀ ਵਿਅਕਤੀ, ਜਿਸਦੀ ਪਛਾਣ ਰੋਹਨ ਖੋਸਲਾ, ਵਾਸੀ ਰੂਪਨਗਰ ਕਲੋਨੀ, ਅੰਮ੍ਰਿਤਸਰ ਵਜੋਂ ਹੋਈ ਹੈ, ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਦੋਸ਼ੀ ਕੋਲੋਂ 14 9ਐਮ.ਐਮ. ਅਤੇ 11 .30 ਬੋਰ ਦੇ ਵੱਖ ਵੱਖ ਮਾਰਕੇ ਦੇ ਪਿਸਤੌਲਜਿਨ੍ਹਾਂ ਵਿੱਚ ਨੋਰਿੰਕੋ ਸਟਾਰ ਮਾਰਕ, ਗਲੌਕ, ਜ਼ਿਗਾਨਾ, ਟੌਰਸ, ਵਾਲਥਰ ਆਦਿ ਸ਼ਾਮਲ ਹਨ ਸਮੇਤ 368 ਜ਼ਿੰਦਾ ਕਾਰਤੂਸ ਅਤੇ 48 ਮੈਗਜ਼ੀਨ ਬਰਾਮਦ ਕੀਤੇ ਹਨ।