ਸ਼ਾਪਿੰਗ ਸੈਂਟਰ 'ਚ ਭਿਆਨਕ ਅੱਗ, ਕਈ ਦੁਕਾਨਾਂ ਨੂੰ ਨੁਕਸਾਨ

 ਲੈਸਟਰ (ਇੰਗਲੈਂਡ), 20 ਜੂਨ (ਸੁਖਜਿੰਦਰ ਸਿੰਘ ਢੱਡੇ)- ਲੈਸਟਰਸ਼ਾਇਰ ਦੇ ਥਰਮਾਸਟਨ ਸ਼ਾਪਿੰਗ ਸੈਂਟਰ ਵਿੱਚ ਸ਼ਨੀਵਾਰ ਤੜਕੇ ਲੱਗੀ ਭਿਆਨਕ ਅੱਗ ਕਾਰਨ ਕਈ ਵਪਾਰਕ ਇਕਾਈਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਇਕ ਇਮਾਰਤ ਦੀ ਛੱਤ ਦਾ ਵੱਡਾ ਹਿੱਸਾ ਢਹਿ ਗਿਆ ਅਤੇ ਦੂਰ-ਦੂਰ ਤੱਕ ਕਾਲੇ ਧੂੰਏਂ ਦੇ ਗੁਬਾਰ ਦਿਖਾਈ ਦਿੱਤੇ।

ਫਾਇਰ ਸਰਵਿਸ ਨੂੰ ਸਵੇਰੇ ਕਰੀਬ 4 ਵਜੇ ਬਾਰਕਬੀ ਥੋਰਪ ਲੇਨ ਸਥਿਤ ਥਰਮਾਸਟਨ ਸ਼ਾਪਿੰਗ ਸੈਂਟਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਅੱਗ 'ਤੇ ਕਾਬੂ ਪਾਉਣ ਲਈ 8 ਫਾਇਰ ਇੰਜਣਾਂ, 2 ਏਰੀਅਲ ਉਪਕਰਨਾਂ ਅਤੇ 40 ਤੋਂ ਵੱਧ ਫਾਇਰਫਾਈਟਰਾਂ ਨੂੰ ਤਾਇਨਾਤ ਕੀਤਾ ਗਿਆ।
ਅੱਗ ਕਾਰਨ ਇਲਾਕੇ ਵਿੱਚ ਧੂੰਏਂ ਦਾ ਵੱਡਾ ਗੁਬਾਰ ਫੈਲ ਗਿਆ, ਜਿਸ ਕਰਕੇ ਸਥਾਨਕ ਵਸਨੀਕਾਂ ਨੂੰ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖਣ ਦੀ ਸਲਾਹ ਦਿੱਤੀ ਗਈ। ਮੌਕੇ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਅੱਗ ਦੀਆਂ ਉੱਚੀਆਂ ਲਪਟਾਂ ਕਈ ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈਂਦੀਆਂ ਦਿਖਾਈ ਦਿੱਤੀਆਂ।
ਸ਼ਾਪਿੰਗ ਸੈਂਟਰ ਵਿੱਚ ਸਥਿਤ ਮਾਊਂਟੇਨ ਵੇਅਰਹਾਊਸ ਸਟੋਰ ਦੀ ਛੱਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਜਾਂਚ ਜਾਰੀ ਹੈ।
ਸਥਾਨਕ ਨਿਵਾਸੀ ਜੌਰਡਨ ਸਲੈਕ ਨੇ ਦੱਸਿਆ ਕਿ ਉਸ ਨੂੰ ਸਵੇਰੇ ਸਥਾਨਕ ਵਟਸਐਪ ਗਰੁੱਪਾਂ ਰਾਹੀਂ ਅੱਗ ਦੀਆਂ ਤਸਵੀਰਾਂ ਮਿਲੀਆਂ, ਜਿਨ੍ਹਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਕਿਹਾ ਕਿ ਇਲਾਕੇ ਵਿੱਚ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ ਅਤੇ ਸ਼ੁਰੂ ਵਿੱਚ ਉਸ ਨੂੰ ਡਰ ਸੀ ਕਿ ਪੂਰਾ ਸ਼ਾਪਿੰਗ ਸੈਂਟਰ ਅੱਗ ਦੀ ਲਪੇਟ ਵਿੱਚ ਆ ਸਕਦਾ ਹੈ।
ਅਧਿਕਾਰੀਆਂ ਅਨੁਸਾਰ ਹੁਣ ਜ਼ਿਆਦਾਤਰ ਫਾਇਰ ਟੀਮਾਂ ਮੌਕੇ ਤੋਂ ਵਾਪਸ ਜਾ ਚੁੱਕੀਆਂ ਹਨ, ਪਰ 4 ਫਾਇਰ ਇੰਜਣ ਅਤੇ ਇੱਕ ਏਰੀਅਲ ਲੈਡਰ ਹਾਲੇ ਵੀ ਮੌਕੇ 'ਤੇ ਮੌਜੂਦ ਹਨ ਤਾਂ ਜੋ ਅੱਗ ਨੂੰ ਪੂਰੀ ਤਰ੍ਹਾਂ ਬੁਝਾਇਆ ਜਾ ਸਕੇ। ਬਾਰਕਬੀ ਥੋਰਪ ਲੇਨ ਨੂੰ ਮੁੜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।
ਇਸ ਦੌਰਾਨ ਪਿਓਰਜਿਮ, ਸੁਪਰਡਰੱਗ, ਬੂਟਸ ਅਤੇ ਸਪੋਰਟਸ ਡਾਇਰੈਕਟ ਸਮੇਤ ਕੁਝ ਕਾਰੋਬਾਰ ਖੋਲ੍ਹੇ ਜਾਣ ਦੀ ਉਮੀਦ ਹੈ, ਜਦਕਿ ਗ੍ਰੇਗਜ਼, ਮਾਊਂਟੇਨ ਵੇਅਰਹਾਊਸ ਅਤੇ ਐਮ ਐਂਡ ਐਸ ਫਿਲਹਾਲ ਬੰਦ ਰਹਿਣਗੇ। ਫਾਇਰ ਸਰਵਿਸ ਵੱਲੋਂ ਖੇਤਰ ਦਾ ਕਾਰ ਪਾਰਕ ਵੀ ਜਲਦ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ।