ਭਾਰਤੀ ਮੂਲ ਦਾ ਵਿਦਿਆਰਥੀ ਪਰਿਵਾਰ ਦੇ 3 ਜੀਆਂ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਅਧਿਕਾਰੀਆਂ ਨੇ ਭਾਰਤੀ ਮੂਲ ਦੇ ਇੱਕ 19 ਸਾਲਾ ਵਿਦਿਆਰਥੀ ਗੌਰਵ ਚੋਪੜਾ &lsquoਤੇ ਆਪਣੇ ਮਾਤਾ ਪਿਤਾ ਤੇ ਨਾਨੀ ਦੇ ਕਤਲਾਂ ਦਾ ਦੋਸ਼ ਲਗਾਇਆ ਹੈ । ਇਹ ਘਟਨਾ ਦੱਖਣੀ ਟੈਕਸਾਸ ਵਿੱਚ ਵਾਪਰੀ। ਪੁਲਿਸ ਅਨੁਸਾਰ ਉਸ ਨੇ ਆਪਣੇ ਵੱਡੇ ਭਰਾ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵੱਲੋਂ ਚਲਾਈ ਗੋਲੀ ਖੁੰਝ ਗਈ ਤੇ ਉਹ ਬਚਕੇ ਨਿਕਲ ਜਾਣ ਵਿਚ ਸਫਲ ਹੋ ਗਿਆ। ਾਅਦ ਵਿਚ ਉਸ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੌਕੇ ਤੇ ਪੁੱਜੇ ਪੁਲਿਸ ਅਫਸਰਾਂ ਨੂੰ ਕਮਲੇਸ਼ ਰਾਣੀ, 46, ਉਸ ਦੀ ਮਾਂ ਮਿੰਦਰ ਕੌਰ, 73, ਨੂੰ ਘਰ ਦੇ ਅੰਦਰ ਮ੍ਰਿਤਕ ਪਾਇਆ। ਚੋਪੜਾ ਦੇ ਪਿਤਾ 56 ਸਾਲਾ ਕਾਰੋਬਾਰੀ ਸਵੀਤਾ ਰਾਮ, ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਤਿੰਨੋਂ ਪੀੜਤਾਂ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ। ਟੈਕਸਾਸ ਦੀ ਰੀਓ ਗ੍ਰਾਂਡੇ ਵੈਲੀ ਦੇ ਐਲਟਨ ਦੇ ਰਹਿਣ ਵਾਲੇ ਗੌਰਵ ਚੋਪੜਾ ਨੂੰ ਹਿਡਾਲਗੋ ਕਾਉਂਟੀ ਬਾਲਗ ਹਿਰਾਸਤ ਕੇਂਦਰ ਵਿੱਚ ਬਿਨਾਂ ਜ਼ਮਾਨਤ ਦੇ ਰੱਖਿਆ ਗਿਆ ਹੈ। ਉਸ ਤੇ ਤਿੰਨ ਕਤਲ, ਕਤਲ ਦੀ ਕੋਸ਼ਿਸ਼ ਤੇ ਹੋਰ ਦੋਸ਼ ਲਾਏ ਗਏ ਹਨ। ਪੁਲਿਸ ਨੇ ਕਤਲਾਂ ਲਈ ਵਰਤੀ ਗਈ ਇਕ ਹੈਂਡ ਗੰਨ ਵੀ ਬਰਾਮਦ ਕਰ ਲਈ ਹੈ। ਕਤਲਾਂ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ। ਪੁਲਿਸ ਅਨੁਸਾਰ ਮਾਮਲਾ ਅਜੇ ਜਾਂਚ ਅਧੀਨ ਹੈ।