ਟਕਰ ਕਾਰਲਸਨ ਨੇ ਰਿਪਬਲਿਕਨ ਪਾਰਟੀ ਤੋਂ ਕੀਤਾ ਕਿਨਾਰਾ

ਵਾਸ਼ਿੰਗਟਨ: ਅਮਰੀਕਾ ਦੇ ਪ੍ਰਸਿੱਧ ਰੁੜ੍ਹੀਵਾਦੀ ਟਿੱਪਣੀਕਾਰ ਟਕਰ ਕਾਰਲਸਨ ਨੇ ਕਿਹਾ ਹੈ ਕਿ ਉਹ ਹੁਣ ਰਿਪਬਲਿਕਨ ਪਾਰਟੀ ਦਾ ਸਮਰਥਨ ਨਹੀਂ ਕਰਨਗੇ। ਇੱਕ ਪੌਡਕਾਸਟ ਇੰਟਰਵਿਊ ਦੌਰਾਨ ਕਾਰਲਸਨ ਨੇ ਕਿਹਾ ਕਿ ਆਉਣ ਵਾਲੀਆਂ ਮੱਧ-ਟਰਮ ਚੋਣਾਂ ਤੋਂ ਪਹਿਲਾਂ ਉਨ੍ਹਾਂ ਲਈ ਰਿਪਬਲਿਕਨ ਪਾਰਟੀ ਦਾ ਸਮਰਥਨ ਕਰਨਾ ਸੰਭਵ ਨਹੀਂ ਹੈ। ਕਾਰਲਸਨ ਨੇ ਸਪੱਸ਼ਟ ਕੀਤਾ ਕਿ ਉਹ ਡੈਮੋਕ੍ਰੈਟਿਕ ਪਾਰਟੀ ਦਾ ਵੀ ਸਮਰਥਨ ਨਹੀਂ ਕਰਨਗੇ, ਪਰ ਇਸ ਵੇਲੇ ਇਹ ਨਹੀਂ ਜਾਣਦੇ ਕਿ ਅੱਗੇ ਉਨ੍ਹਾਂ ਦਾ ਰਾਜਨੀਤਿਕ ਰੁਖ ਕੀ ਹੋਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਰਟੀ ਆਪਣੇ ਵੋਟਰਾਂ ਅਤੇ ਦੇਸ਼ ਦੇ ਹਿਤਾਂ ਦੀ ਬਜਾਏ ਹੋਰ ਕਾਰਕਾਂ ਦੇ ਆਧਾਰ 'ਤੇ ਫੈਸਲੇ ਲੈ ਰਹੀ ਹੈ। ਖਾਸ ਤੌਰ 'ਤੇ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਇਰਾਨ ਨਾਲ ਜੰਗ ਸਬੰਧੀ ਨੀਤੀ ਦੀ ਆਲੋਚਨਾ ਕੀਤੀ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਨਾਲ ਨਾਰਾਜ਼ਗੀ ਹੋਰ ਵਧ ਗਈ। ਕਾਰਲਸਨ ਨੇ ਕਿਹਾ ਕਿ ਉਹ ਕਰੀਬ 35 ਸਾਲਾਂ ਤੋਂ ਰਿਪਬਲਿਕਨ ਪਾਰਟੀ ਦੇ ਮਜ਼ਬੂਤ ਸਮਰਥਕ ਰਹੇ ਹਨ, ਪਰ ਮੌਜੂਦਾ ਹਾਲਾਤ ਵਿੱਚ ਪਾਰਟੀ ਦਾ ਬਚਾਅ ਕਰਨਾ ਉਨ੍ਹਾਂ ਲਈ ਸੰਭਵ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਹ ਪਾਰਟੀ ਤੋਂ ਦੂਰ ਹੋ ਰਹੇ ਹਨ ਤਾਂ ਹੋਰ ਬਹੁਤ ਸਾਰੇ ਸਮਰਥਕ ਵੀ ਅਜਿਹਾ ਕਰ ਸਕਦੇ ਹਨ। ਕਾਰਲਸਨ ਪਹਿਲਾਂ ਦੇ ਸਭ ਤੋਂ ਮਸ਼ਹੂਰ ਮੇਜ਼ਬਾਨਾਂ ਵਿੱਚੋਂ ਇੱਕ ਰਹੇ ਹਨ। 2023 ਵਿੱਚ ਚੈਨਲ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਪੌਡਕਾਸਟ ਸ਼ੁਰੂ ਕੀਤਾ, ਜਿਸ ਰਾਹੀਂ ਉਹ ਅਜੇ ਵੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਤੱਕ ਪਹੁੰਚ ਰਹੇ ਹਨ। ਇਸ ਬਿਆਨ ਨੂੰ ਅਮਰੀਕੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਕਾਰਲਸਨ ਲੰਬੇ ਸਮੇਂ ਤੋਂ ਰਿਪਬਲਿਕਨ ਵਿਚਾਰਧਾਰਾ ਦੇ ਪ੍ਰਭਾਵਸ਼ਾਲੀ ਚਿਹਰਿਆਂ ਵਿੱਚੋਂ ਇੱਕ ਮੰਨੇ ਜਾਂਦੇ ਰਹੇ ਹਨ।