ਐਡਨਬਰਾ ਹਮਲੇ ਦੀ ਜਾਂਚ ਅੱਤਵਾਦ ਵਿਰੋਧੀ ਪੁਲਿਸ ਕਰ ਰਹੀ ਹੈ, ਹੋ ਸਕਦਾ ਮੁਸਲਿਮ ਵਿਰੋਧੀ ਹਮਲਾ

 ਗਲਾਸਗੋ,(ਹਰਜੀਤ ਦੁਸਾਂਝ ਪੁਆਦੜਾ) - ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਵਿੱਚ ਸ਼ੁੱਕਰਵਾਰ ਰਾਤ ਵਾਪਰੀ ਹਿੰਸਕ ਘਟਨਾ ਦੇ ਮਗਰੋਂ ਇੱਕ 36 ਸਾਲਾ ਵਿਅਕਤੀ &lsquoਤੇ ਕਤਲ ਦੀ ਕੋਸ਼ਿਸ਼ ਸਮੇਤ ਕਈ ਦੋਸ਼ ਲਗਾਏ ਗਏ ਹਨ। ਉਸ ਵਿਅਕਤੀ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਦੁਕਾਨਾਂ &lsquoਤੇ ਹਮਲਾ ਕੀਤਾ। ਜਾਂਚ ਹੁਣ ਅੱਤਵਾਦ ਵਿਰੋਧੀ ਪੁਲਿਸ ਦੀ ਅਗਵਾਈ ਹੇਠ ਚੱਲ ਰਹੀ ਹੈ ਅਤੇ ਪੁਲਿਸ ਘਟਨਾ ਦੇ ਸੰਭਾਵਿਤ ਇਸਲਾਮੋਫੋਬਿਕ ਜਾਂ ਮੁਸਲਿਮ ਵਿਰੋਧੀ ਮਕਸਦ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਹਮਲਿਆਂ ਦੀ ਪਹਿਲੀ ਰਿਪੋਰਟ ਰਾਤ ਕਰੀਬ 8:50 ਵਜੇ ਸ਼ਹਿਰ ਦੇ ਸਾਇਥਹਿੱਲ ਇਲਾਕੇ ਤੋਂ ਮਿਲੀ, ਜਿੱਥੇ ਦੋ ਵਿਅਕਤੀ ਜ਼ਖ਼ਮੀ ਹੋਏ। ਇਸ ਤੋਂ ਬਾਅਦ ਪੱਛਮੀ ਅਤੇ ਉੱਤਰੀ ਐਡਿਨਬਰਗ ਦੇ ਕਈ ਸਥਾਨਾਂ ਤੋਂ ਧਮਕੀਆਂ, ਲੁੱਟ ਅਤੇ ਤੋੜਫੋੜ ਨਾਲ ਜੁੜੀਆਂ ਸ਼ਿਕਾਇਤਾਂ ਮਿਲੀਆਂ। ਟੈਲਫੋਰਡ ਰੋਡ ਅਤੇ ਲੀਥ ਵਾਕ ਖੇਤਰਾਂ ਵਿੱਚ ਹੋਰ ਤਿੰਨ ਵਿਅਕਤੀਆਂ &lsquoਤੇ ਹਮਲੇ ਦੀ ਰਿਪੋਰਟ ਹੈ। ਕੁੱਲ ਪੰਜ ਲੋਕ ਜ਼ਖ਼ਮੀ ਹੋਏ, ਤਿੰਨ ਨੂੰ ਹਸਪਤਾਲ ਲਿਜਾਇਆ ਗਿਆ, ਹਾਲਾਂਕਿ ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਨੇ ਰਾਤ ਕਰੀਬ 9:30 ਵਜੇ ਇਕ ਸ਼ੱਕੀ ਨੂੰ ਕਾਬੂ ਕੀਤਾ। ਰਿਪੋਰਟਾਂ ਅਨੁਸਾਰ, ਅਧਿਕਾਰੀਆਂ ਨੇ ਟੇਜ਼ਰ ਨਾਲ ਲੈਸ ਹੋ ਕੇ ਕਾਰਵਾਈ ਕੀਤੀ, ਪਰ ਟੇਜ਼ਰ ਵਰਤਿਆ ਨਹੀਂ ਗਿਆ। ਸੋਸ਼ਲ ਮੀਡੀਆ &lsquoਤੇ ਆਈਆਂ ਕੁਝ ਵੀਡੀਓਜ਼ ਵਿੱਚ ਇਕ ਵਿਅਕਤੀ ਨੂੰ ਚਾਕੂ ਵਰਗੀ ਵਸਤੂ ਨਾਲ ਦੇਖਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵੀਡੀਓਜ਼ ਦੀ ਪੁਲਿਸ ਜਾਂਚ ਕਰ ਰਹੀ ਹੈ। ਸਕਾਟਲੈਂਡ ਦੇ ਫਸਟ ਮਿਨਿਸਟਰ ਜੌਹਨ ਸਵਿੰਨੀ ਨੇ ਹਿੰਸਾ, ਨਸਲਵਾਦ ਅਤੇ ਅਸਹਿਣਸ਼ੀਲਤਾ ਦੀ ਨਿੰਦਾ ਕੀਤੀ ਹੈ।