ਉਤਰਾਖੰਡ ਤੇ ਹਿਮਾਚਲ ਦੀਆਂ ਸਰਕਾਰਾਂ ਸਿੱਖ ਯਾਤਰੀਆਂ ਵਿਰੁੱਧ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਨੱਥ ਪਾਉਣ - ਜਥੇਦਾਰ ਤਰਲੋਚਨ ਸਿੰਘ, ਰਾਜਿੰਦਰ ਸਿੰਘ ਪੁਰੇਵਾਲ ਅਤੇ ਰਘਬੀਰ ਸਿੰਘ

 
ਡਰਬੀ (ਪੰਜਾਬ ਟਾਈਮਜ਼) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੁੱਝ ਹੋਰ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਤੇ ਆਉਣ ਨਾਲ ਇਹ ਮਾਮਲਾ ਹੋਰ ਭਖ ਗਿਆ ਹੈ । ਅਖੰਡ ਕੀਰਤਨੀ ਜਥਾ ਯੂ ਕੇ ਦੇ ਜਥੇਦਾਰ ਤਰਲੋਚਨ ਸਿੰਘ, ਸ੍ਰੀ ਗੁਰੂ ਸਿੰਘ ਸਭਾ ਡਰਬੀ ਦੇ ਪ੍ਰਬਧਾਨ ਰਘਬੀਰ ਸਿੰਘ ਅਤੇ ਸਿੱਖ ਅਜਾਇਬਘਰ ਡਰਬੀ ਦੇ ਚੇਅਰਮੈਨ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਆਪਣੇ ਨਿੱਜੀ ਜੀਵਨ ਵਿੱਚ ਕੀ ਕਰਦੇ ਹਨ, ਇਸ ਨਾਲ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ ! ਪਰ ਉਹ ਇੱਕ ਵੀਡੀਓ ਵਿੱਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਉਤੇ ਸ਼ਰਾਬ ਦੇ ਛਿੱਟੇ ਮਾਰਦੇ ਨਜ਼ਰ ਆਉਂਦੇ ਹਨ, ਇਹ ਬਹੁਤ ਇਤਰਾਜ਼ ਯੋਗ ਅਤੇ ਸਿੱਖਾਂ ਲਈ ਨਾ-ਬਰਦਾਸ਼ਤ ਕਰਨ ਵਾਲੀ ਹਰਕਤ ਹੈ । ਉਹਨਾਂ ਕਿਹਾ ਕਿ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁੱਖ ਮੰਤਰੀ ਮਾਨ ਦੇ ਖਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਤਾਂ ਜੋ ਅੱਗੇ ਤੋਂ ਕੋਈ ਅਜਿਹਾ ਨਾ ਕਰ ਸਕੇ।
ਉਹਨਾਂ ਹੋਰ ਕਿਹਾ ਕਿ ਸਿੱਖਾਂ ਦੀਆਂ ਸੰਸਥਾਵਾਂ ਨੂੰ ਨਿੱਜੀ ਸਿਆਸਤ ਤੋਂ ਉਪਰ ਉਠ ਕੇ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਨੂੰ ਸਹਿਯੋਗ ਦੇਣ ਦੀ ਲੋੜ ਹੈ । ਫਿਰ ਕੋਈ ਜਣਾ ਖਣਾ ਅਜਿਹੇ ਮੰਦੇ ਕੰਮ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰੇਗਾ । ਬੀਤੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਪਿੱਛੇ ਵੀ ਅਜਿਹੇ ਹੀ ਲੋਕਾਂ ਦਾ ਹੱਥ ਹੋ ਸਕਦਾ ਹੈ । ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਅਹੁਦਾ ਆਪ ਹੀ ਛੱਡ ਦੇਣਾ ਚਾਹੀਦਾ ਹੈ । ਜਾਂ ਆਮ ਆਦਮੀ ਪਾਰਟੀ ਉਹਨਾਂ ਵਿਰੁੱਧ ਕਾਰਵਾਈ ਕਰਕੇ ਕਿਸੇ ਸਾਫ਼ ਸੁੱਥਰੇ ਅਕਸ ਵਾਲੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਏ ਨਹੀਂ ਤਾਂ ਆਉਂਦੀਆਂ ਵੋਟਾਂ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਵੀ ਦਿੱਲੀ ਵਾਲਾ ਹਾਲ ਹੋ ਸਕਦਾ ਹੈ।
ਉਹਨਾਂ ਹੇਮਕੁੰਟ ਜਾਣ ਵਾਲੇ ਸਿੱਖ ਯਾਤਰੀਆਂ ਨਾਲ ਹਿਮਾਚਲ ਅਤੇ ਉਤਰਾ ਖੰਡ ਵਿੱਚ ਹੋ ਰਹੀਆਂ ਵਧੀਕੀਆਂ ਦਾ ਵੀ ਜ਼ੋਰਦਾਰ ਖੰਡਨ ਕੀਤਾ । ਜਿਹੜੇ ਸਿੱਖਾਂ ਉਤੇ ਸਥਾਨਕ ਲੋਕਾਂ ਨੇ ਹਮਲਾ ਕੀਤਾ, ਉਹਨਾਂ ਨੂੰ ਹੀ ਉਥੋਂ ਦੀ ਪੁਲਿਸ ਵੱਲੋਂ ਫੜ ਕੇ ਕੇਸ ਪਾਏ ਤੇ ਤਸ਼ੱਦਦ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਜੇ ਇਸ ਤਰ੍ਹਾਂ ਦੀਆਂ ਸਿੱਖ ਵਿਰੋਧੀ ਘਟਨਾਵਾਂ ਨਾ ਰੋਕੀਆਂ ਗਈਆਂ ਤਾਂ ਸਮਾਜਿਕ ਹਾਲਾਤ ਵਿਗੜ ਸਕਦੇ ਹਨ । ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰ: ਕਮੇਟੀ ਅਤੇ ਸਿੱਖ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਉਤਰਾਖੰਡ ਅਤੇ ਹਿਮਾਚਲ ਸਰਕਾਰਾਂ ਉਤੇ ਦਬਾਅ ਪਾ ਕੇ ਸਿੱਖਾਂ ਵਿਰੁੱਧ ਹੋ ਰਹੀਆਂ ਇਹਨਾਂ ਘਟਨਾਵਾਂ ਨੂੰ ਰੁਕਵਾਉਣਾ ਚਾਹੀਦਾ ਹੈ । ਇਸ ਕਾਰਨ ਸਮਾਜ ਵਿੱਚ ਨਫ਼ਰਤ ਵਧ ਰਹੀ ਹੈ। ਅਜਿਹੇ ਹਾਲਾਤ ਤੇ ਗਲਤ ਕਾਰਵਾਈਆਂ ਕਰਕੇ ਹੀ ਸਿੱਖ ਆਪਣੇ ਵੱਖਰੇ ਅਜ਼ਾਦ ਰਾਜ ਦੀ ਮੰਗ ਕਰਦੇ ਹਨ । ਉਹਨਾਂ ਕਿਹਾ ਸਾਨੂੰ ਸੋਹਣਾ ਸਮਾਜ ਸਿਰਜਣ ਲਈ ਯਤਨ ਕਰਨੇ ਚਾਹੀਦੇ ਹਨ, ਜਿੱਥੇ ਕਿਸੇ ਦੀ ਵੱਖਰੀ ਮਾਨਤਾ ਕਰਕੇ ਕੋਈ ਦੂਜੇ ਉਤੇ ਹਮਲਾ ਤੇ ਵਧੀਕੀ ਨਾ ਕਰੇ । ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਚੋਣਾਂ ਦੌਰਾਨ ਉਹ ਖੇਤਰੀ ਪਾਰਟੀ ਨੂੰ ਹੀ ਅੱਗੇ ਲੈ ਕੇ ਆਉਣ, ਜੋ ਪੰਜਾਬ ਤੇ ਪੰਜਾਬੀਆਂ ਦੇ ਭਲੇ ਲਏ ਕੰਮ ਕਰੇ ਤੇ ਪੰਜਾਬੀਆਂ ਨਾਲ ਹੋ ਰਹੀਆਂ ਵਧੀਕੀਆਂ ਨੂੰ ਰੋਕੇ ।